ਪ੍ਰੈੱਸ ਦੀ ਆਜ਼ਾਦੀ ਲਈ ਖਤਰਾ ਬਣਨ ਦਾ ਸੰਕੇਤ ਦੇ ਰਹੀ ਹੈ ਕੋਰੋਨਾਵਾਇਰਸ ਮਹਾਮਾਰੀ

517
Share

-ਕੋਰੋਨਾਵਾਇਰਸ ਦੌਰਾਨ ਪੱਤਰਕਾਰਾਂ ਪ੍ਰਤੀ ਰਵੱਈਆ ਹੋਰ ਵੀ ਮਾੜਾ ਹੋ ਜਾਵੇਗਾ
ਪੈਰਿਸ, 22 ਅਪ੍ਰੈਲ (ਪੰਜਾਬ ਮੇਲ)-ਪੱਤਰਕਾਰਾਂ ਦੀ ਸੁਤੰਤਰਤਾ ਅਤੇ ਸੂਚਨਾ ਦੇ ਅਧਿਕਾਰ ਦੀ ਰੱਖਿਆ ਲਈ ਕੰਮ ਕਰਨ ਵਾਲੇ ਗੈਰ ਸਰਕਾਰੀ ਸੰਗਠਨ ਰਿਪੋਰਟਰਸ ਵਿਦਾਊਟ ਬਾਰਡਰਸ (ਆਰ.ਐੱਸ.ਐੱਫ.) ਨੇ ਸੁਚੇਤ ਕੀਤਾ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਪੂਰੀ ਦੁਨੀਆਂ ‘ਚ ਪ੍ਰੈੱਸ ਦੀ ਆਜ਼ਾਦੀ ਲਈ ਖਤਰਾ ਪੈਦਾ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਚੀਨ ਅਤੇ ਈਰਾਨ ਵਰਗੇ ਦੇਸ਼ਾਂ ਨੇ ਕੋਰੋਨਾਵਾਇਰਸ ਦੇ ਕਹਿਰ ਦੀ ਜਾਣਕਾਰੀ ਨੂੰ ਦਬਾਇਆ ਹੈ। ਪੈਰਿਸ ਸਥਿਤ ਸੰਗਠਨ ਨੇ ਸਾਲਾਨਾ ਪ੍ਰੈੱਸ ਸੁਤੰਤਰਤਾ ਰੈਂਕਿੰਗ ‘ਚ ਕਿਹਾ ਕਿ ਮਹਾਂਮਾਰੀ ਪ੍ਰੈੱਸ ਦੀ ਆਜ਼ਾਦੀ ‘ਤੇ ਕਈ ਸੰਕਟਾਂ ਨੂੰ ਉਜਾਗਰ ਕਰ ਰਹੀ ਅਤੇ ਵਧਾ ਰਹੀ ਹੈ।
ਪ੍ਰੈੱਸ ਦੀ ਸੁਤੰਤਰਤਾ ਦੀ ਸਥਿਤੀ ਪਹਿਲਾਂ ਹੀ ਬਿਹਤਰ ਨਹੀਂ ਹੈ। ਆਰ.ਐੱਸ.ਐੱਫ. ਦੇ ਜਨਰਲ ਸਕੱਤਰ ਕ੍ਰਿਸਟੋਫ ਡੇਲਾਇਰ ਨੇ ਦੱਸਿਆ ਕਿ ਬੀਮਾਰੀ ਦੇ ਕਹਿਰ ਨੇ ਕੁਝ ਸਰਕਾਰਾਂ ਨੂੰ ਇਸ ਤੱਥ ਦਾ ਲਾਭ ਲੈਣ ਲਈ ਹੱਲਾਸ਼ੇਰੀ ਦਿੱਤੀ ਕਿ ਲੋਕ ਹੈਰਾਨ ਹਨ ਅਤੇ ਲਾਮਬੰਦੀ ਉਨ੍ਹਾਂ ਉਪਾਅ ਨੂੰ ਲਾਗੂ ਕਰਨ ਲਈ ਕਮਜ਼ੋਰ ਹੋ ਗਈ ਹੈ, ਜਿਨ੍ਹਾਂ ਨੂੰ ਆਮ ਸਮੇਂ ਵਿਚ ਅਪਣਾਉਣਾ ਸੰਭਵ ਹੁੰਦਾ ਹੈ। ਰੈਂਕਿੰਗ ਵਿਚ ਬੀਤੇ ਸਾਲ ਦੇ ਮੁਕਾਬਲੇ ਵਿਚ ਵੱਡੇ ਬਦਲਾਅ ਹੋਏ ਹਨ। ਉੱਤਰੀ ਯੂਰਪ ਦੇ ਦੇਸ਼ ਨੂੰ ਸਭ ਤੋਂ ਸੁਤੰਤਰ ਦੇਸ਼ ਮੰਨਿਆ ਗਿਆ ਹੈ, ਜਦੋਂਕਿ 180 ਦੇਸ਼ਾਂ ਦੀ ਸੂਚੀ ਵਿਚ ਤੁਰਕਮੇਨਿਸਤਾਨ ਅਤੇ ਉੱਤਰ ਕੋਰੀਆ ਹੇਠਲੇ ਸਥਾਨ ‘ਤੇ ਹੈ। ਆਰ.ਐੱਸ.ਐੱਫ. ਨੇ ਚੀਨ ਅਤੇ ਈਰਾਨ ‘ਤੇ ਕੋਰੋਨਾਵਾਇਰਸ ਦੀ ਰਿਪੋਰਟਿੰਗ ‘ਤੇ ਸੈਂਸਰਸ਼ਿਪ ਕਰਨ ਦਾ ਦੋਸ਼ ਲਗਾਇਆ ਹੈ।
ਉਸ ਦੀ ਰੈਂਕਿੰਗ ‘ਚ ਚੀਨ 177ਵੇਂ ਅਤੇ ਈਰਾਨ 173ਵੇਂ ਸਥਾਨ ‘ਤੇ ਹੈ। ਚੀਨ ਵਲੋਂ ਬੀਮਾਰੀ ਦੇ ਪ੍ਰਭਾਵ ਨੂੰ ਲੈ ਕੇ ਸ਼ੁਰੂ ਵਿਚ ਜਾਣਕਾਰੀ ਲੁਕਾਉਣ ਦੇ ਦੋਸ਼ ਵੱਲ ਇਸ਼ਾਰਾ ਕਰਦੇ ਹੋਏ ਸੰਗਠਨ ਨੇ ਕਿਹਾ ਕਿ ਚੀਨ ਨੇ ਆਪਣੇ ਸੂਚਨਾ ਤੰਤਰ ਨੂੰ ਜ਼ਬਰਦਸਤ ਤਰੀਕੇ ਨਾਲ ਕੰਟਰੋਲ ਕੀਤਾ ਹੋਇਆ ਹੈ, ਜਿਸ ਦਾ ਨਾਂ ਪੱਖੀ ਪ੍ਰਭਾਵ ਕੋਰੋਨਾਵਾਇਰਸ ਸਿਹਤ ਸੰਕਟ ਦੌਰਾਨ ਦੁਨੀਆਂ ਨੇ ਦੇਖਿਆ। ਸੂਚੀ ਵਿਚ ਨਾਰਵੇ ਲਗਾਤਾਰ ਚੌਥੇ ਸਾਲ ਪਹਿਲੇ ਸਥਾਨ ‘ਤੇ ਹੈ। ਜਦੋਂਕਿ ਫਿਨਲੈਂਡ ਦੂਜੇ ਸਥਾਨ ‘ਤੇ ਹੈ। ਇਸ ਸੂਚੀ ‘ਚ ਭਾਰਤ 142ਵੇਂ ਸਥਾਨ ‘ਤੇ ਹੈ। ਜਦੋਂਕਿ ਪਿਛਲੇ ਸਾਲ ਉਹ 140ਵੇਂ ਸਥਾਨ ‘ਤੇ ਸੀ। ਉੱਤਰ ਕੋਰੀਆ, ਤੁਰਕਮੇਨਿਸਤਾਨ ਦੀ ਥਾਂ ਆਖਰੀ ਸਥਾਨ ‘ਤੇ ਪਹੁੰਚ ਗਿਆ ਹੈ। ਉਥੇ ਹੀ ਅਫਰੀਕੀ ਮੁਲਕ ਇਰਿਟ੍ਰਿਆ 178ਵੇਂ ਸਥਾਨ ‘ਤੇ ਹੈ। ਉਥੇ ਹੀ ਉਮਰ ਅਲ ਬਸ਼ੀਰ ਦੇ ਰਾਸ਼ਟਰਪਤੀ ਅਹੁਦੇ ਤੋਂ ਹਟਣ ਤੋਂ ਬਾਅਦ ਸੂਡਾਨ ਦੀ ਰੈਂਕਿੰਗ ਵਿਚ 16 ਸਥਾਨ ਵੱਧ ਕੇ 159 ਹੋ ਗਈ ਹੈ। ਫਰਾਂਸ 32ਵੇਂ, ਤੁਰਕੀ 154ਵੇਂ, ਰੂਸ 149ਵੇਂ ਸਥਾਨ ‘ਤੇ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਆਰ.ਐੱਸ.ਐੱਫ. ਦੀ ਰਿਪੋਰਟ ‘ਤੇ ਪਲਟਵਾਰ ਕਰਦੇ ਹੋਏ ਦਾਅਵਾ ਕੀਤਾ ਕਿ ਉਸ ਦਾ ਰਵੱਈਆ ਚੀਨ ਪ੍ਰਤੀ ਹਮੇਸ਼ਾ ਪੱਖਪਾਤ ਵਾਲਾ ਰਹਿੰਦਾ ਹੈ ਅਤੇ ਚੀਨ ਹੋਰ ਦੇਸ਼ਾਂ ਦੇ ਪੱਤਰਕਾਰਾਂ ਦਾ ਆਪਣੇ ਇਥੇ ਸਵਾਗਤ ਕਰਦਾ ਹੈ।


Share