ਪ੍ਰਸ਼ਾਂਤ ਕਿਸ਼ੋਰ ਦੀ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਵਜੋਂ ਨਿਯੁਕਤੀ ਨੇ ਛੇੜਿਆ ਸਿਆਸੀ ਵਿਵਾਦ

82
Share

ਚੰਡੀਗੜ੍ਹ, 2 ਮਾਰਚ (ਪੰਜਾਬ ਮੇਲ)- ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਮੁੱਖ ਸਲਾਹਕਾਰ ਨਿਯਕੁਤ ਕੀਤਾ ਗਿਆ ਹੈ, ਜਿਸ ਤੋਂ ਨਵਾਂ ਸਿਆਸੀ ਵਿਵਾਦ ਛਿੜ ਗਿਆ ਹੈ। ਹੁਣ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਤਕਰੀਬਨ ਇੱਕ ਸਾਲ ਹੀ ਰਹਿ ਗਿਆ ਹੈ, ਤਾਂ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਨੂੰ ਸਿਆਸੀ ਹਲਕੇ ਹੈਰਾਨੀ ਨਾਲ ਵੇਖ ਰਹੇ ਹਨ। ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਕੀਤੇ ਹੁਕਮਾਂ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਨੂੰ ਕੈਬਨਿਟ ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ। ਬੇਸ਼ੱਕ ਪ੍ਰਸ਼ਾਂਤ ਕਿਸ਼ੋਰ ਇੱਕ ਰੁਪਏ ਤਨਖਾਹ ’ਤੇ ਕੰਮ ਕਰਨਗੇ ਪਰ ਉਨ੍ਹਾਂ ਨੂੰ ਕੈਬਨਿਟ ਮੰਤਰੀ ਵਾਲੀਆਂ ਸਭ ਸਹੂਲਤਾਂ ਮਿਲਣਗੀਆਂ। ਹੁਕਮਾਂ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਨੂੰ ਇੱਕ ਫਰਨਿਸ਼ਡ ਰਿਹਾਇਸ਼ ਅਤੇ ਕੈਂਪ ਦਫਤਰ ਦੀ ਸਹੂਲਤ ਮਿਲੇਗੀ। ਟਰਾਂਸਪੋਰਟ ਵਿਭਾਗ ਵੱਲੋਂ ਗੱਡੀ ਦਿੱਤੀ ਜਾਵੇਗੀ ਤੇ ਹਵਾਈ ਜਹਾਜ਼ ਤੇ ਰੇਲ ਗੱਡੀ ’ਚ ਐਗਜ਼ੈਕਟਿਵ ਕਲਾਸ ਦੇ ਸਫ਼ਰ ਦੀ ਸਹੂਲਤ ਵੀ ਮਿਲੇਗੀ। ਪ੍ਰਾਹੁਣਚਾਰੀ ਲਈ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ ਅਤੇ ਮੈਡੀਕਲ ਸਹੂਲਤ ਵੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਨੂੰ ਇੱਕ ਪ੍ਰਾਈਵੇਟ ਸੈਕਟਰੀ, ਇੱਕ ਨਿੱਜੀ ਸਹਾਇਕ, ਇੱਕ ਡਾਟਾ ਐਂਟਰੀ ਅਪਰੇਟਰ, ਇੱਕ ਕਲਰਕ ਅਤੇ ਦੋ ਪੀਅਨ ਮਿਲਣਗੇ। ਘਰ ਅਤੇ ਦਫਤਰ ’ਚ ਲੈਂਡਲਾਈਨ ਫੋਨ ਤੋਂ ਇਲਾਵਾ ਮੋਬਾਈਲ ਫੋਨ ’ਤੇ ਅਣਲਿਮਟਿਡ ਖਰਚ ਦੀ ਸਹੂਲਤ ਵੀ ਦਿੱਤੀ ਗਈ ਹੈ। ਫੈਕਸ ਦੀ ਸੁਵਿਧਾ ਵੀ ਦਿੱਤੀ ਜਾਣੀ ਹੈ। ਦੱਸਣਯੋਗ ਹੈ ਕਿ 2017 ਚੋਣਾਂ ’ਚ ਪ੍ਰਸ਼ਾਂਤ ਕਿਸ਼ੋਰ ਨੇ ਪੰਜਾਬ ਕਾਂਗਰਸ ਲਈ ਕੰਮ ਕੀਤਾ ਸੀ। ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਚੋਣ ਰਣਨੀਤੀ ਦਾ ਤਜ਼ਰਬਾ ਹੈ ਅਤੇ ਉਨ੍ਹਾਂ ਦੀ ਇਸ ਨਿਯੁਕਤੀ ਨਾਲ ਕਾਂਗਰਸ ਨੂੰ ਫਾਇਦਾ ਮਿਲੇਗਾ।

Share