ਪ੍ਰਵਾਸੀ ਭਾਰਤੀ ਅਕਤੂਬਰ ਤੋਂ ਬਾਅਦ ਨਹੀਂ ਵਰਤ ਸਕਣਗੇ ਪੀ.ਆਈ.ਓ. ਕਾਰਡ

ਲੰਡਨ, 10 ਜਨਵਰੀ (ਪੰਜਾਬ ਮੇਲ)-ਪ੍ਰਵਾਸੀ ਭਾਰਤੀਆਂ ਲਈ ਭਾਰਤ ਸਰਕਾਰ ਵੱਲੋਂ ਵੀਜ਼ਾ ਸਬੰਧੀ ਸ਼ੁਰੂ ਕੀਤੀ ਸੁਵਿਧਾ ਪੀ.ਆਈ.ਓ. (15 ਸਾਲ ਦਾ ਵੀਜ਼ਾ) ਸਰਵਿਸ ਨੂੰ ਅਕਤੂਬਰ 2018 ਤੋਂ ਬਾਅਦ ਨਹੀਂ ਵਰਤਿਆ ਜਾ ਸਕੇਗਾ। ਪੀ.ਆਈ.ਓ. ਨੂੰ ਓ.ਸੀ.ਆਈ. (ਲਾਈਫ਼ ਟਾਈਮ ਵੀਜ਼ਾ) ਵਿਚ ਬਦਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਐਲਾਨ ਦੀ ਆਖ਼ਰੀ ਮਿਤੀ 31 ਦਸੰਬਰ 2017 ਸੀ। 31 ਦਸੰਬਰ ਪ੍ਰਵਾਸੀ ਭਾਰਤੀਆਂ ਨੂੰ ਪੀ.ਆਈ.ਓ. ਨੂੰ ਓ. ਸੀ.ਆਈ. ਵਿਚ ਤਬਦੀਲ ਕਰਨ ਲਈ ਮੁਫ਼ਤ ਵਿਚ ਸਹੂਲਤ ਦਿੱਤੀ ਗਈ ਸੀ। ਇਹ ਮਿਆਦ ਲੰਘਣ ਉਪਰੰਤ ਬਿਨੇਕਾਰ ਨੂੰ ਓ. ਸੀ.ਆਈ. ਦੀ ਪੂਰੀ ਫ਼ੀਸ ਅਦਾ ਕਰਨੀ ਹੋਵੇਗੀ। ਇਸ ਦੇ ਨਾਲ ਹੀ ਭਾਰਤੀ ਹਾਈ ਕਮਿਸ਼ਨ ਲੰਡਨ ਅਨੁਸਾਰ ਜਿਹੜੇ ਪੀ.ਆਈ.ਓ. ਕਾਰਡ ਧਾਰਕਾਂ ਵੱਲੋਂ ਅਜੇ ਤੱਕ ਓ. ਸੀ.ਆਈ. ਵਿਚ ਵੀਜ਼ਾ ਤਬਦੀਲ ਨਹੀਂ ਕੀਤਾ, ਉਹ ਪੀ.ਆਈ.ਓ. ਨੂੰ ਅਕਤੂਬਰ 2018 ਤੱਕ ਇਸ ਦੀ ਭਾਰਤ ਆਉਣ-ਜਾਣ ਲਈ ਵਰਤੋਂ ਕਰ ਸਕਦੇ ਹਨ ਪਰ ਇਸ ਤੋਂ ਬਾਅਦ ਇਸ ਦੀ ਵਰਤੋਂ ਨਹੀਂ ਹੋ ਸਕੇਗੀ। ਜੇਕਰ ਕੋਈ ਅਜਿਹਾ ਕਰਦਾ ਹੈ, ਤਾਂ ਉਸ ਨੂੰ ਭਾਰਤ ਦੇ ਹਵਾਈ ਅੱਡਿਆਂ ਤੋਂ ਵਾਪਸ ਮੋੜਿਆ ਜਾ ਸਕਦਾ ਹੈ।