ਚੰਡੀਗੜ੍ਹ, 12 ਜਨਵਰੀ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਪ੍ਰਵਾਸੀ ਭਾਰਤੀਆਂ ਨੂੰ ਸੂਬੇ ’ਚ ਨਿਵੇਸ਼ ਲਈ ਉਤਸ਼ਾਹਿਤ ਕਰਨ ਸਬੰਧੀ ਵਿਸ਼ੇਸ ਉਪਰਾਲਾ ਕਰਦੇ ਹੋਏ ‘ਪੰਜਾਬ ਉੱਚ ਤਾਕਤੀ ਨਿਵੇਸ਼ ਕਮੇਟੀ’ ਦਾ ਗਠਨ ਕੀਤਾ ਹੈ। ਇਸ ਮਾਮਲੇ ਸਬੰਧੀ ਹੋਈ ਮੀਟਿੰਗ ਦੌਰਾਨ ਉਕਤ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਲਿਆ ਗਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ’ਚ ਨਿਵੇਸ਼ ਲਈ ਪ੍ਰਵਾਸੀ ਭਾਰਤੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਲਈ ਨਿਵੇਸ਼ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਕਮੇਟੀ ਕਾਇਮ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਇਸ ਪਿੱਛੋਂ ਇਹ ਫ਼ੈਸਲਾ ਲਿਆ ਗਿਆ।
ਵੱਖ-ਵੱਖ ਦੇਸ਼ਾਂ ’ਚ ਵੱਸਦੇ ਪ੍ਰਮੁੱਖ ਪ੍ਰਵਾਸੀ ਭਾਰਤੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸੂਬੇ ’ਚ ਨਿਵੇਸ਼ ਲਈ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ ’ਤੇ ਅਜਿਹੀ ਫ਼ੋਰਮ ਜਾਂ ਕਮੇਟੀ ਸਥਾਪਿਤ ਕੀਤੀ ਜਾਵੇ, ਜੋ ਸਰਕਾਰ ਅਤੇ ਪ੍ਰਵਾਸੀ ਭਾਰਤੀਆਂ ਵਿਚਾਲੇ ਕੜੀ ਦਾ ਕੰਮ ਕਰ ਸਕੇ।
ਪ੍ਰਵਾਸੀ ਭਾਰਤੀ ਮਾਮਲੇ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਕਮੇਟੀ ਦੇ ਚੇਅਰਮੈਨ ਹੋਣਗੇ, ਜਦੋਂਕਿ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੂੰ ਵਾਈਸ ਚੇਅਰਮੈਨ ਅਤੇ ਪ੍ਰਵਾਸੀ ਭਾਰਤੀ ਮਾਮਲੇ ਮਹਿਕਮੇ ਦੇ ਵਿਸ਼ੇਸ਼ ਸਕੱਤਰ ਡੀ.ਪੀ.ਐੱਸ. ਖਰਬੰਦਾ ਨੂੰ ਮੈਂਬਰ ਸਕੱਤਰ ਲਾਇਆ ਗਿਆ ਹੈ।