ਪ੍ਰਵਾਸੀ ਪੰਜਾਬੀ ਜੱਗੀ ਜੌਹਲ ਨੂੰ ਇਕ ਕੇਸ ‘ਚ ਹਾਈਕੋਰਟ ‘ਚੋਂ ਮਿਲੀ ਜ਼ਮਾਨਤ

61
Share

* ਕੁੱਝ ਹੋਰ ਕਤਲ ਕੇਸਾਂ ‘ਚ ਨਾਮਜ਼ਦ ਹੋਣ ਕਾਰਨ ਹਾਲੇ ਨਹੀਂ ਹੋਵੇਗੀ ਰਿਹਾਈ
ਮੋਗਾ, 9 ਨਵੰਬਰ (ਪੰਜਾਬ ਮੇਲ)- ਪੰਜਾਬ ਵਿਚ ਕਰੀਬ 4 ਸਾਲ ਪਹਿਲਾਂ ਹਿੰਦੂ ਜਥੇਬੰਦੀ ਦੇ ਆਗੂਆਂ ਸਮੇਤ ਮਿੱਥ ਕੇ ਕੀਤੇ ਗਏ ਕੁਝ ਕਤਲਾਂ ਦੀਆਂ ਵਾਰਦਾਤਾਂ ਵਿਚ ਸ਼ਾਮਲ ਮੰਨੇ ਜਾਂਦੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਇੱਕ ਕੇਸ ਵਿਚ ਹਾਈਕੋਰਟ ਵਿਚੋਂ ਜ਼ਮਾਨਤ ਮਿਲ ਗਈ ਹੈ, ਪਰ ਕੁਝ ਹੋਰ ਕਤਲ ਕੇਸਾਂ ਵਿਚ ਨਾਮਜ਼ਦ ਹੋਣ ਕਾਰਨ ਹਾਲ ਦੀ ਘੜੀ ਉਸ ਦੀ ਰਿਹਾਈ ਨਹੀਂ ਹੋ ਸਕੇਗੀ ਤੇ ਉਹ ਜੇਲ੍ਹ ਵਿਚ ਹੀ ਰਹੇਗਾ।
ਵਰਨਣਯੋਗ ਹੈ ਕਿ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਮੂਲ ਰੂਪ ‘ਚ ਪਿੰਡ ਗੱਗੜ ਪੱਤੀ, ਜੰਡਿਆਲਾ ਮੰਜਕੀ (ਜਲੰਧਰ) ਦਾ ਵਸਨੀਕ ਹੈ। ਉਹ ਸਾਲ 2017 ਵਿਚ ਵਿਆਹ ਕਰਾਉਣ ਆਇਆ ਸੀ। ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਦੇ ਮੁਤਾਬਕ ਜੱਗੀ ਨੂੰ ਥਾਣਾ ਬਾਘਾਪੁਰਾਣਾ ਵਿਖੇ 17 ਦਸੰਬਰ 2016 ਨੂੰ ਆਰਮਜ਼ ਐਕਟ ਅਤੇ ਯੂ.ਏ.ਪੀ. ਐਕਟ ਹੇਠ ਦਰਜ ਕੇਸ ਵਿਚ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਉਹ ਜੁਡੀਸ਼ਲ ਹਿਰਾਸਤ ਵਿਚ ਕੇਂਦਰੀ ਜੇਲ੍ਹ ਨੰਬਰ 1, ਤਿਹਾੜ ਨਵੀਂ ਦਿੱਲੀ ਵਿਚ ਬੰਦ ਹੈ। ਵਕੀਲ ਨੇ ਦੱਸਿਆ ਕਿ 8 ਹੋਰ ਕੇਸ ਪੈਂਡਿੰਗ ਹੋਣ ਕਰਕੇ ਇਨ੍ਹਾਂ ਕੇਸਾਂ ਵਿਚ ਵੀ ਜ਼ਮਾਨਤ ਲਈ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਗਈ ਹੈ।
ਸਟੇਟ ਸਪੈਸ਼ਲ ਸੈਲ ਵੱਲੋਂ ਜੱਗੀ ਜੌਹਲ ਨੂੰ ਪੰਜਾਬ ‘ਚ ਹਿੰਦੂ ਜਥੇਬੰਦੀ ਆਗੂਆਂ ਸਣੇ ਮਿੱਥ ਕੇ ਕੀਤੇ ਗਏ ਕਤਲਾਂ ਦੀਆਂ ਵਾਰਦਾਤਾਂ ਵਿਚ ਨਾਮਜ਼ਦ ਕਰਨ ਪਿੱਛੋਂ ਇਸ ਕੇਸ ਦੀ ਪੜਤਾਲ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਤਬਦੀਲ ਕਰ ਦਿੱਤੀ ਗਈ ਸੀ। ਜੱਗੀ ਜੌਹਲ ਉਤੇ ਇਨ੍ਹਾਂ ਸਿਆਸੀ ਕਤਲਾਂ ਲਈ ਅਤੇ ਖਾੜਕੂ ਸਰਗਰਮੀਆਂ ਕਰਵਾਉਣ ਅਤੇ ਖ਼ਾਲਿਸਤਾਨੀ ਸੰਗਠਨਾਂ ਨੂੰ ਬਦਅਮਨੀ ਫੈਲਾਉਣ ਲਈ ਫੰਡ ਪੁਚਾਉਣ ਦੇ ਦੋਸ਼ ਲੱਗੇ ਸਨ। ਥਾਣਾ ਬਾਜਖਾਨਾ (ਫ਼ਰੀਦਕੋਟ) ਵਿਚ 26 ਜੂਨ 2017 ਨੂੰ ਦਰਜ ਕੇਸ ‘ਚ ਜੁਲਾਈ 2019 ਵਿਚ ਫ਼ਰੀਦਕੋਟ ਦੀ ਅਦਾਲਤ ਨੇ ਜੱਗੀ ਜੌਹਲ ਤੇ ਹੋਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ। ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਦਾ ਵਿਆਹ 18 ਅਕਤੂਬਰ 2017 ਨੂੰ ਮਹਿਤਪੁਰ ਨੇੜਲੇ ਪਿੰਡ ਸੋਹਲ ਜਗੀਰ ਦੀ ਇੱਕ ਲੜਕੀ ਨਾਲ ਹੋਇਆ ਸੀ।


Share