ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਕੱਲ੍ਹ ਮਿਲੇਗਾ ‘ਗਲੀਟਿਸਮੈਨ ਇੰਟਰਨੈਸ਼ਨਲ ਐਕਟੀਵਿਸਟ ਐਵਾਰਡ’

263
ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨਿਊਜ਼ੀਲੈਂਡ ਦੇ ਝੰਡੇ ਨਾਲ। 
Share

ਉਚੀ ਸਖਸ਼ੀਅਤ-ਵੱਡੇ ਤਿਆਗ: ਇਨਾਮੀ ਰਾਸ਼ੀ ਸਾਡੇ ਬੱਚਿਆਂ ਲਈ
-ਲੀਡਰਸ਼ਿੱਪ ਸਕੂਲ ‘ਹਾਰਵਾਰਡ ਕੈਂਡੀ ਸਕੂਲ’ ਅਮਰੀਕਾ ਵੱਲੋਂ ਮਿਲ ਰਿਹੈ ਸਨਮਾਨ ਅਤੇ ਡੇਢ ਲੱਖ ਅਮਰੀਕੀ ਡਾਲਰ
-ਜੈਸਿੰਡਾ ਨੇ ਇਨਾਮੀ ਰਾਸ਼ੀ ਇਸ ਸਕੂਲ ‘ਚ ਪੜ੍ਹਨ ਵਾਲੇ ਕੀਵੀਆਂ ਲਈ ਦਿੱਤੀ ਦਾਨ
ਔਕਲੈਂਡ, 1 ਦਸੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਦੀ ਅਗਵਾਈ ਵਿਚ ਹੋਣ ਵਾਲੇ ਜਨਤਕ ਕੰਮ ਭਾਵੇਂ ਉਹ ਕ੍ਰਾਈਸਟਚਰਚ ਹਮਲੇ ਬਾਅਦ ਮੁਸਲਿਮ ਭਾਈਚਾਰੇ ਨੂੰ ਸਾਂਭਣ ਦੇ ਹੋਣ, ਚਾਹੇ ਉਹ ਕੋਵਿਡ-19 ਵਰਗੀ ਲਾ-ਇਲਾਜ ਬਣੀ ਹੋਈ ਬਿਮਾਰੀ ਤੋਂ ਦੇਸ਼ ਨੂੰ ਬਚਾ ਕੇ ਰੱਖਣ ਦੇ ਹੋਣ, ਨੂੰ ਲੈ ਕੇ ਪੂਰੇ ਵਿਸ਼ਵ ਵਿਚ ਉਸਦੀ ਸਖਸ਼ੀਅਤ ਦੇ ਲੋਕ ਕਾਇਲ ਹੋ ਰਹੇ ਹਨ। ਮਾਣਯੋਗ ਜੈਸਿੰਡਾ ਆਰਡਨ ਦਾ ਨਾਂਅ ਨੋਬਲ ਪ੍ਰਾਈਜ ਵਾਸਤੇ ਵੀ ਹੋ ਚੁੱਕਾ ਹੈ ਅਤੇ ਹੁਣ ਅਮਰੀਕਾ ਦਾ ਇਕ  ਵਕਾਰੀ ਸਕੂਲ ਜਿਸ ਦਾ ਨਾਂਅ ਹਾਵਰਡ ਕੈਂਡੀ ਸਕੂਲ ਹੈ ਅਤੇ ਇਸ ਨੂੰ ‘ਸੈਂਟਰ ਫਾਰ ਪਬਲਿਕ ਲੀਡਰਸ਼ਿਪ’ ਦੇ ਤੌਰ ਵੀ ਜਾਣਿਆ ਜਾਂਦਾ ਹੈ, ਵਲੋਂ ‘ਗਲੀਟਿਸਮੈਨ ਇੰਟਰਨੈਸ਼ਨਲ ਐਕਟੀਵਿਸਟ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਵੇਂ ਪ੍ਰਧਾਨ ਮੰਤਰੀ ਅਕਸਰ ਐਵਾਰਡ ਲੈਣ ਤੋਂ ਨਾਂਹ ਕਰ ਦਿੰਦੇ ਹਨ ਪਰ ਇਸ ਐਵਾਰਡ ਵਿਚ ਮਿਲਣ ਵਾਲੀ ਰਾਸ਼ੀ ਦੀ ਯੋਗ ਵਰਤੋਂ ਲਈ ਉਨ੍ਹਾਂ ਇਸਨੂੰ ਸਵੀਕਾਰ ਕੀਤਾ ਹੈ। ਇਨਾਮੀ ਰਾਸ਼ੀ ਜੋ ਕਿ ਅਮਰੀਕਾ ਦੇ ਡੇਢ ਲੱਖ ਡਾਲਰ (ਲਗਪਗ 217,000 ਨਿਊਜ਼ੀਲੈਂਡ ਡਾਲਰ) ਹੈ ਉਸ ਸਕੂਲ ਵਿਚ ਪੜ੍ਹਨ ਜਾਣ ਵਾਲੇ ਕੀਵੀਆਂ ਦੀ ਸਕਾਲਰਸ਼ਿਪ (ਵਜ਼ੀਫੇ) ਦੇ ਲਈ ਰੱਖੇ ਜਾਣਗੇ। ਆਪਣੇ ਦੇਸ਼ ਦੇ ਬੱਚਿਆਂ ਲਈ ਇਹ ਇਨਾਮਾ ਰਾਸ਼ੀ ਦੇ ਦੇਣੀ ਸਾਬਿਤ ਕਰਦੀ ਹੈ ਕਿ ਉਸ ਸਕੂਲ ਦੇ ਵਿਚ ਪੜ੍ਹੇ ਬੱਚੇ ਨਿਊਜ਼ੀਲੈਂਡ ਦੇ ਨਾਲ ਜੁੜੇ ਰਹਿਣ ਅਤੇ ਆਪਣੇ ਦੇਸ਼ ਲਈ ਸਤਿਕਾਰ ਬਣਾਈ ਰੱਖਣ। ਇਹ ਐਵਾਰਡ ਇਸ ਤੋਂ ਪਹਿਲਾਂ ਮਲਾਲਾ ਯੂਜਫਜ਼ਈ (ਪਾਕਿਸਤਾਨੀ ਸਮਾਜ ਸੇਵਿਕਾ) ਅਤੇ ਸਵ. ਨੈਲਸਨ ਮੰਡੇਲਾ (ਸਾਊਥ ਅਫਰੀਕਾ ਰਾਸ਼ਟਰਪਤੀ) ਨੂੰ ਵੀ ਮਿਲ ਚੁੱਕਾ ਹੈ। ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਇਹ ਇਨਾਮ ਉਨ੍ਹਾਂ ਦੀ ਲੀਡਰਸ਼ਿੱਪ, ਨਿਰਣਾਇਕ ਤੁਰੰਤ ਕਾਰਵਾਈ, ਸੁਧਾਰਵਾਦੀ ਅਤੇ ਸੰਮਲਿਤ ਨੀਤੀਆਂ ਉਤੇ ਬਣਾਈ ਪਕੜ ਨੂੰ ਵੇਖ ਕੇ ਦਿੱਤਾ ਜਾ ਰਿਹਾ ਹੈ। ਇਹ ਐਵਾਰਡ ਅਮਰੀਕਾ ਦੇ ਵਿਚ 1 ਦਸੰਬਰ ਪਰ ਨਿਊਜ਼ੀਲੈਂਡ ਦੇ ਵਿਚ 2 ਦਸੰਬਰ ਨੂੰ ਸਵੇਰੇ 11 ਕੁ ਵਜੇ ਦਿੱਤਾ ਜਾਣਾ ਹੈ। ਇਸ ਸਮਾਰਹੋ ਨੂੰ ਯੂਮ ਦੇ ਰਾਹੀਂ ਇੰਟਨਰਨੈਟ ਉਤੇ ਵੇਖਿਆ ਜਾਵੇਗਾ। ਪ੍ਰਧਾਨ ਮੰਤਰੀ ਦਫਤਰ ਤੋਂ ਅੱਜ ਇਸ ਸਬੰਧੀ ਈਮੇਲ ਵੀ ਜਾਰੀ ਕੀਤੀ ਗਈ ਹੈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਵਿਸ਼ਵ ਦਾ ਪਹਿਲਾ ਦੇਸ਼ ਹੈ ਜਿੱਥੇ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ।


Share