ਪ੍ਰਦੁਯਮਣ ਕਤਲ ਕਾਂਡ; ਮੁਲਜ਼ਮ ਨੂੰ 22 ਨਵੰਬਰ ਤੱਕ ਭੇਜਿਆ ਬਾਲ ਸੁਧਾਰ ਘਰ

ਗੁਰੂਗ੍ਰਾਮ, 11 ਨਵੰਬਰ (ਪੰਜਾਬ ਮੇਲ)– ਰਿਆਨ ਇੰਟਰਨੈਸ਼ਨਲ ਸਕੂਲ ’ਚ ਸੱਤ ਸਾਲਾ ਵਿਦਿਆਰਥੀ ਦੇ ਕਤਲ ‘ਚ ਸੀਬੀਆਈ ਵੱਲੋਂ ਕਾਬੂ ਕੀਤੇ ਅੱਲ੍ਹੜ ਵਿਦਿਆਰਥੀ ਨੂੰ ਇਥੋਂ ਦੀ ਬਾਲ ਅਦਾਲਤ ਨੇ ਅੱਜ 22 ਨਵੰਬਰ ਤਕ ਬਾਲ ਸੁਧਾਰ ਘਰ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਅਦਾਲਤ ਨੇ ਇਸ ਕੇਸ ’ਚ ਅਗਲੀ ਸੁਣਵਾਈ 22 ਨਵੰਬਰ ਪਾ ਦਿੱਤੀ ਹੈ। ਇਸ ਕੇਸ ’ਚ ਫੜੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਇਸ ਤੋਂ ਪਹਿਲਾਂ ਅੱਜ ਸੀਬੀਆਈ ਟੀਮ ਘਟਨਾ ਦ੍ਰਿਸ਼ ਦੀ ਮੁੜ ਸਿਰਜਣਾ ਲਈ ਸਕੂਲ ਲੈ ਕੇ ਗਈ। ਦੁਪਹਿਰ ਵਾਲੇ ਮੁਲਜ਼ਮ ਨੂੰ ਲੈ ਕੇ ਟੀਮ ਸਕੂਲ ਪੁੱਜੀ ਅਤੇ ਤਕਰੀਬਨ ਤਿੰਨ ਘੰਟੇ ਉਥੇ ਰਹੀ। ਇਸ ਬਾਅਦ ਟੀਮ ਉਸ ਨੂੰ ਸੁਣਵਾਈ ਲਈ ਬਾਲ ਅਦਾਲਤ ਲੈ ਗਈ। ਟੀਮ ਨੇ ਅੱਲ੍ਹੜ ਵਿਦਿਆਰਥੀ ਨੂੰ 8 ਨਵੰਬਰ ਦੀ ਸਵੇਰ, ਜਦੋਂ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦੁਯਮਨ ਦਾ ਉਸ ਨੇ ਕਥਿਤ ਤੌਰ ’ਤੇ ਕਤਲ ਕੀਤਾ ਸੀ, ਵਾਲੀ ਘਟਨਾ ਬਾਰੇ ਦੱਸਣ ਲਈ ਕਿਹਾ। ਸੀਬੀਆਈ ਅਧਿਕਾਰੀਆਂ ਨੇ ਖਿਡੌਣੇ ਦੀ ਸ਼ਕਲ ਵਾਲੀ ਇਕ ਡੰਮੀ ਦੀ ਵਰਤੋਂ ਵੀ ਕੀਤੀ ਅਤੇ ਮੁਲਜ਼ਮ ਨੂੰ ਪੁੱਛਿਆ ਕਿ ਉਸ ਨੇ ਪ੍ਰਦੁਯਮਨ ਨੂੰ ਕਿਵੇਂ ਕਤਲ ਕੀਤਾ ਸੀ।
ਸੀਬੀਆਈ ’ਤੇ ਦੋਸ਼
ਮੁਲਜ਼ਮ ਦੇ ਪਿਤਾ ਨੇ ਅੱਜ ਦੋਸ਼ ਲਾਇਆ ਕਿ ਸੀਬੀਆਈ ਉਸ ਦੇ ਪੁੱਤਰ ’ਤੇ ਅਤਿਆਚਾਰ ਕਰ ਰਹੀ ਹੈ। ਇਨ੍ਹਾਂ ਦੋਸ਼ਾਂ ਦਾ ਏਜੰਸੀ ਨੇ ਖੰਡਨ ਕੀਤਾ ਹੈ। ਸੂਤਰਾਂ ਮੁਤਾਬਕ ਬਾਲ ਅਦਾਲਤ ਨੇ ਫੜੇ ਗਏ ਵਿਦਿਆਰਥੀ ਤੋਂ ਪੁੱਛ ਪੜਤਾਲ ਦੀ ਨਿਗਰਾਨੀ ਲਈ ਇਕ ਸੁਤੰਤਰ ਭਲਾਈ ਅਫ਼ਸਰ ਨਿਯੁਕਤ ਕੀਤਾ ਹੈ ਜੋ ਪੁੱਛ ਪੜਤਾਲ ਅਤੇ ਮੁਲਜ਼ਮ ਨੂੰ ਸਕੂਲ ਲਿਜਾਏ ਜਾਣ ਸਮੇਂ ਵੀ ਮੌਜੂਦ ਸੀ।