ਪ੍ਰਦਰਸ਼ਨਕਾਰੀਆਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਹਿਰਾਸਤ ‘ਚ ਰੱਖਣ ਕਾਰਨ ਅਟਾਰਨੀ ਜਨਰਲ ਵੱਲੋਂ ਸੰਘੀ ਸਰਕਾਰ ਖਿਲਾਫ ਕੇਸ

496
Share

ਵਾਸ਼ਿੰਗਟਨ, 21 ਜੁਲਾਈ (ਪੰਜਾਬ ਮੇਲ)- ਪ੍ਰਦਰਸ਼ਨਕਾਰੀਆਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਹਿਰਾਸਤ ‘ਚ ਰੱਖਣ ਦੇ ਦੋਸ਼ਾਂ ਹੇਠ ਅਮਰੀਕੀ ਸੂਬੇ ਓਰੇਗਨ ਦੇ ਅਟਾਰਨੀ ਜਨਰਲ ਨੇ ਸੰਘੀ ਸਰਕਾਰ ਖਿਲਾਫ਼ ਕੇਸ ਕੀਤਾ ਹੈ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਓਰੇਗਨ ਦੇ ਅਟਾਰਨੀ ਜਨਰਲ ਐਲੇਨ ਰੋਸੇਨਬਲੱਮ ਨੇ ਇਹ ਕਦਮ ਉਸ ਸਮੇਂ ਉਠਾਇਆ, ਜਦੋਂ ਪੋਰਟਲੈਂਡ ‘ਚ ਫੈਡਰਲ ਏਜੰਟਾਂ (ਕੇਂਦਰੀ ਸੁਰੱਖਿਆ ਬਲ) ਨੂੰ ਤਾਇਨਾਤ ਕਰ ਦਿੱਤਾ ਗਿਆ। ਸਰਕਾਰ ਮੁਤਾਬਕ ਸ਼ਹਿਰ ‘ਚ ਹਾਲਾਤ ਅਮਨ-ਅਮਾਨ ਵਾਲੇ ਬਣਾਉਣ ਲਈ ਇਨ੍ਹਾਂ ਏਜੰਟਾਂ ਨੂੰ ਤਾਇਨਾਤ ਕੀਤਾ ਗਿਆ ਹੈ ਕਿਉਂਕਿ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ‘ਚ ਮੌਤ ਤੋਂ ਬਾਅਦ ਉਥੇ 25 ਮਈ ਤੋਂ ਹੀ ਰਾਤ ਨੂੰ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਰੋਸੇਨਬਲੱਮ ਨੇ ਕਿਹਾ ਕਿ ਸੁਰੱਖਿਆ ਬਲ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਨਾ ਲੈਣ। ਊਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੇ ਲੋਕਾਂ ਦੇ ਅਧਿਕਾਰ ‘ਤੇ ਨਾ ਸਗੋਂ ਡਾਕਾ ਮਾਰਿਆ ਜਾ ਰਿਹਾ ਹੈ, ਸਗੋਂ ਸੜਕਾਂ ‘ਤੇ ਊਹ ਅਸ਼ਾਂਤੀ ਦਾ ਮਾਹੌਲ ਪੈਦਾ ਕਰ ਰਹੇ ਹਨ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਤਾਇਨਾਤ ਕੀਤੇ ਗਏ ਫੈਡਰਲ ਏਜੰਟਾਂ ਨੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਜੰਗ ‘ਚ ਵਰਤੇ ਜਾਣ ਵਾਲੇ ਹਥਿਆਰਾਂ ਦੀ ਵਰਤੋਂ ਵੀ ਕੀਤੀ। ਸ਼ਨਿੱਚਰਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਫੈਡਰਲ ਕੋਰਟ ਹਾਊਸ ਦੀ ਚਾਰਦੀਵਾਰੀ ਨੂੰ ਢਾਹ ਦਿੱਤਾ। ਓਰੇਗਨ ਦੇ ਗਵਰਨਰ ਕੇਟ ਬ੍ਰਾਊਨ ਨੇ ਫੈਡਰਲ ਏਜੰਟਾਂ ‘ਤੇ ਤਾਕਤ ਦੀ ਵਰਤੋਂ ਕਰਨ ਦੇ ਦੋਸ਼ ਲਾਏ ਹਨ।


Share