ਪੂਰੇ ਅਮਰੀਕਾ ‘ਚ ਅਕਾਲੀ ਦਲ (ਅੰਮ੍ਰਿਤਸਰ) ਦਾ ਕੋਈ ਵੱਖਰਾ ਯੂਨਿਟ ਨਹੀਂ : ਸਿਮਰਨਜੀਤ ਮਾਨ

ਫਤਿਹਗੜ੍ਹ ਸਾਹਿਬ, 11 ਸਤੰਬਰ (ਪੰਜਾਬ ਮੇਲ)- ਅਮਰੀਕਾ ‘ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਕੋ ਇਕਾਈ ਹੈ, ਕੋਈ ਵੱਖਰੇ ਯੂਨਿਟ ਨਹੀਂ, ਜਿਸ ਦੇ ਕਨਵੀਨਰ ਬੂਟਾ ਸਿੰਘ ਖੜੌਦ ਹਨ ਅਤੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ ਹਨ ਤੇ ਸੀਨੀਅਰ ਮੀਤ ਪ੍ਰਧਾਨ ਰੇਸ਼ਮ ਸਿੰਘ ਹਨ। ਇਨ੍ਹਾਂ ਦੀ ਅਗਵਾਈ ‘ਚ ਅਮਰੀਕਾ ਵਿਚ ਸਿੱਖ ਕੌਮ ਦੇ ਕੌਮੀ ਮਿਸ਼ਨ ਖਾਲਿਸਤਾਨ ਸਟੇਟ ਦੀ ਪ੍ਰਾਪਤੀ ਲਈ ਸਮੂਹਿਕ ਰੂਪ ਵਿਚ ਇਕ ਟੀਮ ਦੀ ਤਰ੍ਹਾਂ ਲੰਮੇ ਸਮੇਂ ਤੋਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ।
ਪੂਰੇ ਅਮਰੀਕਾ ਵਿਚ ਨਾ ਤਾਂ ਪਾਰਟੀ ਦਾ ਕੋਈ ਵੱਖਰਾ ਯੂਨਿਟ ਹੈ ਅਤੇ ਨਾ ਹੀ ਵੱਖਰੇ ਅਹੁਦੇਦਾਰ। ਬੂਟਾ ਸਿੰਘ ਖੜੌਦ ਦੀ ਅਗਵਾਈ ਵਿਚ ਸਾਰੇ ਅਹੁਦੇਦਾਰ ਕੌਮੀ ਮਿਸ਼ਨ ਅਤੇ ਹੋਰ ਸਿਆਸੀ, ਧਾਰਮਿਕ, ਸਮਾਜਿਕ ਤੇ ਇਖਲਾਕੀ ਪਾਰਟੀ ਪ੍ਰੋਗਰਾਮਾਂ ਦੀ ਕਾਮਯਾਬੀ ਲਈ ਨਿਰੰਤਰ ਦ੍ਰਿੜ੍ਹਤਾ ਅਤੇ ਸੰਜੀਦਗੀ ਨਾਲ ਉਦਮ ਕਰਦੇ ਆ ਰਹੇ ਹਨ। ਸਭ ਅਹੁਦੇਦਾਰ ਅਨੁਸ਼ਾਸਨ ‘ਤੇ ਪਹਿਰਾ ਦਿੰਦਿਆਂ ਪਾਰਟੀ ਦੀ ਸੋਚ ਤੇ ਨੀਤੀਆਂ ਨੂੰ ਪ੍ਰਚਾਰਨ ਅਤੇ ਆਪਣੇ ਸਮਰਥਕਾਂ, ਮੈਂਬਰਾਂ ਦੀ ਗਿਣਤੀ ਵਧਾਉਣ ਦੀ ਜ਼ਿੰਮੇਵਾਰੀ ਪੂਰੀ ਕਰਦੇ ਆ ਰਹੇ ਹਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਅਮਰੀਕਾ ‘ਚ ਵਿਚਰ ਰਹੇ ਸਿੱਖਾਂ ਅਤੇ ਪਾਰਟੀ ਨਾਲ ਹਮਦਰਦੀ ਰੱਖਣ ਵਾਲੇ ਸਮਰਥਕਾਂ ਨੂੰ ਪਾਰਟੀ ਇਕਾਈ ਨੂੰ ਪ੍ਰਵਾਨਿਤ ਬਣਤਰ ਸਬੰਧੀ ਸਮੂਹ ਅਹੁਦੇਦਾਰਾਂ ਨੂੰ ਇਕ ਦੂਜੇ ਨੂੰ ਸਹਿਯੋਗ ਦੇਣ ਅਤੇ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮ ਲਾਗੂ ਕਰਨ ਦੀ ਅਪੀਲ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਦਾ ਸੰਸਾਰ ਵਿਚ ਇਕੋ ਹੀ ਪ੍ਰਬੰਧਕੀ ਮੁੱਖ ਦਫਤਰ ਕਿਲਾ ਸ. ਹਰਨਾਮ ਸਿੰਘ, ਡਾਕਖਾਨਾ ਤਲਾਣੀਆ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪੰਜਾਬ ਵਿਖੇ ਹੈ। ਕੇਵਲ ਇਸੇ ਦਫਤਰ ਨੂੰ ਪਾਰਟੀ ਮੈਂਬਰਸ਼ਿਪ ਦੇ ਆਈ.ਡੀ. ਕਾਰਡ ਜਾਰੀ ਕਰਨ ਦਾ ਹੱਕ ਹੈ। ਅਮਰੀਕਾ ਜਾਂ ਕਿਸੇ ਹੋਰ ਮੁਲਕ ‘ਚ ਚੱਲਦੇ ਪਾਰਟੀ ਦੇ ਸਹਿਯੋਗੀ ਦਫਤਰਾਂ ਜਾਂ ਕਿਸੇ ਅਹੁਦੇਦਾਰ ਨੂੰ ਪਾਰਟੀ ਆਈ.ਡੀ. ਕਾਰਡ ਜਾਰੀ ਕਰਨ ਦਾ ਕੋਈ ਹੱਕ ਨਹੀਂ ਹੈ। ਜਿਸ ਵੀ ਮੈਂਬਰ ਨੂੰ ਇਹ ਕਾਰਡ ਜਾਰੀ ਕੀਤਾ ਜਾਂਦਾ ਹੈ, ਉਸ ਤੋਂ ਪਾਰਟੀ ਦਫਤਰ ਆਧਾਰ ਕਾਰਡ ‘ਤੇ ਦਸਤਖਤ ਲੈ ਕੇ ਰਿਕਾਰਡ ‘ਚ ਰੱਖਦੀ ਹੈ ਅਤੇ ਵਿਦੇਸ਼ਾਂ ਵਿਚ ਬਣਨ ਵਾਲੇ ਮੈਂਬਰਾਂ ਦੇ ਪਾਸਪੋਰਟ ਦੀ ਕਾਪੀ ‘ਤੇ ਦਸਤਖਤ
ਕਰਕੇ ਆਪਣੇ ਰਿਕਾਰਡ ਵਿਚ ਰੱਖਦੀ ਹੈ। ਉਸ ਦਾ ਨਾਂ ਅਤੇ ਦਸਤਖਤ ਪਾਰਟੀ ਰਜਿਸਟਰ ਉਤੇ ਦਰਜ ਹੁੰਦੇ ਹਨ। ਆਈ.ਡੀ. ਕਾਰਡ ਦੀ ਪ੍ਰਣਾਲੀ ਨੂੰ ਹੋਰ ਪਰਪੱਕ ਕਰਨ ਲਈ ਉਪਾਅ ਕੀਤੇ ਜਾ ਰਹੇ ਹਨ, ਤਾਂ ਕਿ ਕਾਰਡ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਪਾਰਟੀ ਦੀ ਸੋਚ ਦੇ ਸਮਰਥਕ, ਹਮਦਰਦ ਅਤੇ ਬਣਨ ਵਾਲੇ ਮੈਂਬਰ ਜੇ ਪਾਰਟੀ ਦੇ ਮੁੱਖ ਦਫਤਰ ਤੋਂ ਬਿਨਾਂ ਕਿਸੇ ਹੋਰ ਥਾਂ ਤੋਂ ਆਈ.ਡੀ. ਕਾਰਡ ਬਣਵਾਉਂਦੇ ਹਨ, ਤਾਂ ਅਜਿਹੇ ਬੋਗਸ ਕਾਰਡ ਦੀ ਸੁਰੱਖਿਆ ਅਤੇ ਮਾਨਤਾ ਲਈ ਉਹ ਖੁਦ ਜਿੰਮਵਾਰ ਹੋਣਗੇ।
ਸ. ਮਾਨ ਨੇ ਪਾਰਟੀ ਦੇ ਅਨੁਸ਼ਾਸਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅਮਰੀਕਾ ਦੀ 5 ਮੈਂਬਰੀ ਅਤੇ 25 ਮੈਂਬਰੀ ਸਮੁੱਚੀ ਜ਼ਿੰਮੇਵਾਰੀ ਨੂੰ ਨਿਭਾਉਣ ਅਤੇ ਪਾਰਟੀ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਪ੍ਰਚਾਰਨ ‘ਤੇ ਲਾਗੂ ਕਰਨ ਲਈ ਬਣੀ ਹੋਈ ਹੈ, ਰੇਸ਼ਮ ਸਿੰਘ ਇਨ੍ਹਾਂ ਕਮੇਟੀਆਂ ਵਿਚ ਤੈਅ ਕੀਤੇ ਗਏ ਨਿਯਮਾਂ ਅਤੇ ਨੀਤੀਆਂ ਅਨੁਸਾਰ ਅਮਰੀਕਾ ਯੂਨਿਟ ਦੇ ਕਨਵੀਨਰ ਬੂਟਾ ਸਿੰਘ ਖੜੌਦ ਤੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ ਨਾਲ ਸਲਾਹ-ਮਸ਼ਵਰਾ ਕਰਕੇ ਇਨ੍ਹਾਂ ਦੋਹਾਂ ਕਮੇਟੀਆਂ ਵਿਚ ਮੈਂਬਰ ਦੇ ਸਕਦੇ ਹਨ। ਸ. ਮਾਨ ਨੇ ਇਨ੍ਹਾਂ ਤਿੰਨਾਂ ਆਗੂਆਂ ਨੂੰ ਆਪਸੀ ਸਹਿਯੋਗ ਰਾਹੀਂ ਅਮਰੀਕਾ ਯੂਨਿਟ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮੀ ਸੋਚ ‘ਖਾਲਿਸਤਾਨ’ ਨੂੰ ਦੁਨੀਆਂ ਦੇ ਨਕਸ਼ੇ ‘ਤੇ ਲਿਆਉਣ ਲਈ ਦੂਰਅੰਦੇਸ਼ੀ ਵਾਲੇ ਉਦਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਪਾਰਟੀ ਅਹੁਦੇਦਾਰ ਕੌਮੀ ਸੋਚ ਨੂੰ ਮੁੱਖ ਰੱਖ ਕੇ ਅਨੁਸ਼ਾਸਨ ਨੂੰ ਹਰ ਕੀਮਤ ‘ਤੇ ਕਾਇਮ ਰੱਖਣਗੇ।