ਨਵੀਂ ਦਿੱਲੀ, 16 ਜੁਲਾਈ (ਪੰਜਾਬ ਮੇਲ)- ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਇਕ ਵਾਰ ਫਿਰ ਭਾਰਤ ਦੀ ਤਾਰੀਫ਼ ਕੀਤੀ ਹੈ। ਦੁਨੀਆਂ ਭਰ ‘ਚ ਕੋਰੋਨਾ ਵੈਕਸੀਨ ਨੂੰ ਲੈ ਕੇ ਜਾਰੀ ਜੱਦੋ-ਜਹਿਦ ‘ਚ ਬਿਲ ਗੇਟਸ ਨੇ ਕਿਹਾ ਹੈ ਕਿ ਭਾਰਤ ਦਾ ਫਾਰਮਾਕਿਊਟਲ ਉਦਯੋਗ ਨਾ ਸਿਰਫ਼ ਆਪਣੇ ਦੇਸ਼ ਲਈ, ਬਲਕਿ ਪੂਰੀ ਦੁਨੀਆਂ ਲਈ ਕੋਰੋਨਾ ਵੈਕਸੀਨ ਦਾ ਉਤਪਾਦਨ ਕਰਨ ‘ਚ ਸਮਰੱਥ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ‘ਚ ਕੋਰੋਨਾ ਵੈਕਸੀਨ ਨੂੰ ਬਣਾਉਣ ‘ਚ ਮਦਦ ਕਰਨ ਲਈ ਭਾਰਤੀ ਫਾਰਮਾ ਕੰਪਨੀਆਂ ਕਾਫੀ ਮਹੱਤਵਪੂਰਨ ਕੰਮ ਕਰ ਰਹੀਆਂ ਹਨ।
ਡਿਸਕਵਰੀ ਪਲੱਸ ‘ਤੇ ਵੀਰਵਾਰ ਸ਼ਾਮ ਨੂੰ ਪ੍ਰੀਮੀਅਰ ਹੋਣ ਵਾਲੀ ਇਕ ਡਾਕਿਊਮੈਂਟਰੀ ‘ਚ ਗੇਟਸ ਨੇ ਕਿਹਾ ਹੈ ਕਿ ਭਾਰਤ ਨੂੰ ਆਪਣੇ ਵਿਸ਼ਾਲ ਆਕਾਰ ਤੇ ਸ਼ਹਿਰਾਂ ‘ਚ ਜ਼ਿਆਦਾ ਜਨਸੰਖਿਆ ਕਾਰਨ ਸਿਹਤ ਸੰਕਟ ਕਾਰਨ ਇਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਦੇ ਫਾਰਮਾ ਉਦਯੋਗ ਦੀ ਤਾਕਤ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਬਹੁਤ ਕਾਬਲ ਹੈ। ਭਾਰਤ ਕੋਲ ਕਈ ਦਵਾਈ ਤੇ ਵੈਕਸੀਨ ਕੰਪਨੀਆਂ ਹਨ ਜੋ ਪੂਰੀ ਦੁਨੀਆ ਲਈ ਵਿਸ਼ਾਲ ਸਪਲਾਇਰ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ‘ਚ ਦੁਨੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਵੈਕਸੀਨ ਬਣਾਈ ਜਾਂਦੀ ਹੈ। ਸੀਰਮ ਇੰਸਟੀਚਿਊਟ ਸਭ ਤੋਂ ਵੱਡਾ ਹੈ।
ਗੇਟਸ ਨੇ ਕਿਹਾ ਕਿ ਭਾਰਤ ‘ਚ ਬਾਇਓ ਈ, ਭਾਰਤ ਬਾਇਓਟੇਕ ਵਰਗੀਆਂ ਕਈ ਹੋਰ ਕੰਪਨੀਆਂ ਹਨ। ਇਹ ਕੰਪਨੀਆਂ ਦੇਸ਼ ‘ਚ ਕੋਰੋਨਾ ਵੈਕਸੀਨ ਬਣਾਉਣ ‘ਚ ਮਦਦ ਕਰਨ ਲਈ ਕੰਮ ਕਰ ਰਹੀਆਂ ਹਨ। ਇਹ ਕਈ ਤਰੀਕਿਆਂ ਨਾਲ ਵੈਕਸੀਨ ਦੇ ਨਿਰਮਾਣ ‘ਚ ਲਗਾਤਾਰ ਮਦਦ ‘ਚ ਲੱਗੀ ਹੈ।
ਗੇਟਸ ਨੇ ਦੱਸਿਆ ਕਿ ਭਾਰਤ ਮਹਾਮਾਰੀ ਸੰਬੰਧੀ ਤਿਆਰੀਆਂ ਲਈ ਗਠਬੰਧਨ ‘ਚ ਸ਼ਾਮਲ ਹੋਇਆ ਹੈ ਜੋ ਵੈਕਸੀਨ ਪਲੇਟਫਾਰਮ ਦੇ ਨਿਰਮਾਣ ਲਈ ਆਲਮੀ ਪੱਧਰ ‘ਤੇ ਕੰਮ ਕਰਨ ਵਾਲਾ ਇਕ ਸਮੂਹ ਹੈ। ਇਸ ‘ਤੇ ਗੇਟਸ ਨੇ ਕਿਹਾ ਕਿ ਮੈਂ ਉਤਸ਼ਾਹਿਤ ਹਾਂ ਕਿ ਭਾਰਤ ਦਾ ਫਾਰਮਾਕਿਊਟਲ ਉਦਯੋਗ ਨਾ ਸਿਰਫ ਭਾਰਤ ਲਈ ਬਲਕਿ ਪੂਰੀ ਦੁਨੀਆਂ ਲਈ ਉਤਪਾਦਨ ਕਰਨ ‘ਚ ਸਮਰੱਥ ਹੋਵੇਗਾ। ਇਹ ਮੌਤਾਂ ਨੂੰ ਘੱਟ ਕਰਨ ‘ਚ ਮਦਦ ਕਰੇਗਾ। ਇਸ ਤਰ੍ਹਾਂ ਅਸੀਂ ਮਹਾਮਾਰੀ ਨੂੰ ਖ਼ਤਮ ਕਰ ਸਕਾਂਗੇ।
ਗੇਟਸ ਨੇ ਕਿਹਾ ਕਿ ਬਿਲ ਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਵੀ ਭਾਰਤ ਸਰਕਾਰ ਨਾਲ ਇਕ ਸਾਂਝੇਦਾਰ ਹੈ। ਉਹ ਵਿਸ਼ੇਸ਼ ਰੂਪ ਨਾਲ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਤੇ ਮੁੱਖ ਵਿਗਿਆਨਕ ਸਲਾਹਕਾਰ ਦਫ਼ਤਰ ਤੋਂ ਇਨ੍ਹਾਂ ਉਪਕਰਨਾਂ ਨੂੰ ਪ੍ਰਾਪਤ ਕਰਨ ਦੇ ਬਾਰੇ ਸਲਾਹ ਤੇ ਮਦਦ ਪ੍ਰਦਾਨ ਕਰਦੇ ਹਨ।