ਪੂਰੀ ਦੁਨੀਆਂ ‘ਚ ਫਸੇ ਹਜ਼ਾਰਾਂ ਪ੍ਰਵਾਸੀਆਂ ਨੂੰ ਕੋਰੋਨਾ ਦੇ ਇਨਫੈਕਸ਼ਨ ਦਾ ਵਧੇਰੇ ਖਤਰਾ : ਅੰਤਰਰਾਸ਼ਟਰੀ ਸ਼ਰਣਾਰਥੀ ਸੰਗਠਨ

320
Share

ਸੰਯੁਕਤ ਰਾਸ਼ਟਰ, 8 ਮਈ (ਪੰਜਾਬ ਮੇਲ)- ਪੂਰੀ ਦੁਨੀਆਂ ‘ਚ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਫਸੇ ਹੋਏ ਹਨ, ਜਿਥੇ ਉਨ੍ਹਾਂ ਨੂੰ ਕੋਵਿਡ-19 ਦੇ ਇਨਫੈਕਸ਼ਨ ਦਾ ਖਤਰਾ ਵਧੇਰੇ ਹੈ। ਪਰਵਾਸ ਮਾਮਲਿਆਂ ਦੇ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ‘ਅੰਤਰਰਾਸ਼ਟਰੀ ਸ਼ਰਣਾਰਥੀ ਸੰਗਠਨ’ (ਆਈ.ਓ.ਐੱਮ.) ਦੇ ਪ੍ਰਮੁੱਖ ਨੇ ਇਹ ਕਿਹਾ ਹੈ।
ਆਈ.ਓ.ਐੱਮ. ਦੇ ਡਾਇਰੈਕਟਰ ਜਨਰਲ ਐਂਟੋਨੀਓ ਵਿਟੋਰਿਨੋ ਨੇ ਕਿਹਾ ਕਿ ਯਾਤਰਾ ਪਾਬੰਦੀਆਂ ਦੇ ਚੱਲਦੇ ਭਵਿੱਖ ਵਿਚ ਪਰਵਾਸੀਆਂ ਨਾਲ ਬਹੁਤ ਭੇਦਭਾਵ ਹੋਵੇਗਾ। ਵਿਟੋਰਿਨੋ ਨੇ ਕਿਹਾ ਕਿ ਸਿਹਤ ਨਵੀਂ ਸੰਪਤੀ ਹੈ। ਉਹਨਾਂ ਨੇ ਕੁਝ ਦੇਸ਼ਾਂ ਦੇ ਪ੍ਰਸਤਾਵਾਂ ਦਾ ਉਦਾਹਰਣ ਦਿੱਤਾ, ਜਿਸ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤੁਰੰਤ ਵਿਸ਼ੇਸ਼ ਪਾਸਪੋਰਟ ਤੇ ਮੋਬਾਈਲ ਫੋਨ ਐਪ ਦੀ ਵਰਤੋਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ। ਉਹਨਾਂ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਪਰਵਾਸੀਆਂ ਦੀ ਸਿਹਤ ਦੀ ਜਾਂਚ ਕਰਨ ਦੀ ਵਿਵਸਥਾ ਹੈ ਤੇ ਹੁਣ ਮੇਰਾ ਮੰਨਣਾ ਹੈ ਕਿ ਲਗਾਤਾਰ ਪਰਵਾਸੀਆਂ ਲਈ ਸਿਹਤ ‘ਤੇ ਨਜ਼ਰ ਰੱਖੇ ਜਾਣ ਦੀ ਮੰਗ ਹੋਰ ਵਧੇਗੀ। ਵਿਟੋਰਿਨੋ ਨੇ ਪੱਤਰਕਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕਰਦੇ ਹੋਏ ਕਿਹਾ ਕਿ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਾਤਰਾ ਪਾਬੰਦੀਆਂ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰਨ ਨਾਲ ਲੋਕਾਂ ਦੀ ਸਿਹਤ ਪਹਿਲਾਂ ਦੀ ਤੁਲਨਾ ਵਿਚ ਵਧੇਰੇ ਖਤਰੇ ਵਿਚ ਹੈ।
ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਹਜ਼ਾਰਾਂ ਪਰਵਾਸੀ ਫਸੇ ਹੋਏ ਹਨ। ਦੱਖਣ-ਪੂਰਬੀ ਏਸ਼ੀਆ, ਪੂਰਬੀ ਅਫਰੀਕਾ ਤੇ ਲੈਟਿਨ ਅਮਰੀਕਾ ਵਿਚ ਸਰਹੱਦਾਂ ਬੰਦ ਹਨ ਤੇ ਯਾਤਰਾਵਾਂ ‘ਤੇ ਪਾਬੰਦੀ ਹੈ। ਬਹੁਤ ਸਾਰੇ ਲੋਕ ਰਸਤਿਆਂ ਵਿਚ ਹਨ ਤੇ ਉਹਨਾਂ ਵਿਚ ਕੁਝ ਮਹਾਮਾਰੀ ਦੇ ਕਾਰਣ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ਵਿਟੋਰਿਨੋ ਨੇ ਕਿਹਾ ਕਿ ਉਹ ਫਸੇ ਹੋਏ ਹਨ, ਕੁਝ ਵੱਡੀ ਗਿਣਤੀ ਵਿਚ, ਕੁਝ ਘੱਟ ਗਿਣਤੀ ਵਿਚ, ਸਰਹੱਦੀ ਇਲਾਕਿਆਂ ਵਿਚ ਬਹੁਤ ਮੁਸ਼ਕਿਲ ਹਾਲਾਤਾਂ ਵਿਚ ਫਸੇ ਹੋਏ ਹਨ ਤੇ ਉਹਨਾਂ ਦੇ ਕੋਲ ਨਾਂ ਮਾਤਰ ਹੀ ਸੁਵਿਧਾਵਾਂ ਹਨ ਖਾਸ ਕਰਕੇ ਸਿਹਤ ਜਾਂਚ ਸੁਵਿਧਾਵਾਂ। ਉਹਨਾਂ ਨੇ ਸਾਰੇ ਦੇਸ਼ਾਂ ਵਿਚ ਪਰਵਾਸੀਆਂ ਦੀ ਸਿਹਤ ‘ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਦੀ ਅਪੀਲ ਕੀਤੀ।


Share