ਪੂਰੀ ਤਰ੍ਹਾਂ ਨਾਲ ਹਿੰਸਾ ਤੋਂ ਪਰ੍ਹੇ ਕਿਸਾਨ ਅੰਦੋਲਨ

73
Share

ਨਵੀਂ ਦਿੱਲੀ, 8 ਜਨਵਰੀ (ਪੰਜਾਬ ਮੇਲ)- ਕਿਸਾਨ ਅੰਦੋਲਨ ਨੇ ਗਾਂਧੀਵਾਦ ਦੇ ਸਿਧਾਂਤ ਨੂੰ ਪ੍ਰਸੰਗਿਕ ਬਣਾਇਆ ਹੈ। ਕਿਸਾਨਾਂ ਦਾ ਅੰਦੋਲਨ ਹਾਲੇ ਤੱਕ ਪੂਰੀ ਤਰ੍ਹਾਂ ਨਾਲ ਹਿੰਸਾ ਤੋਂ ਪਰ੍ਹੇ ਹੈ। ਸਰਕਾਰ ਦੇ ਸਾਹਮਣੇ ਕਿਸਾਨ ਅੰਦੋਲਨ ਦਾ ਗਾਂਧੀਵਾਦੀ ਤਰੀਕਾ ਪਰੇਸ਼ਾਨੀ ਬਣਿਆ ਹੋਇਆ ਹੈ। ਸਰਕਾਰ ਦੀ ਅਹਿਮ ਇੱਛਾ ਹੈ ਕਿ ਅੰਦੋਲਨ ਹਿੰਸਕ ਹੋਵੇ ਤਾਂ ਕਿ ਪੁਲਸ ਕਾਰਵਾਈ ਦਾ ਬਹਾਨਾ ਮਿਲ ਜਾਵੇ ਪਰ ਕਿਸਾਨਾਂ ਨੇ ਸਰਕਾਰ ਦੀ ਹਰ ਚਾਲ ਅਸਫ਼ਲ ਕਰ ਦਿੱਤੀ ਹੈ। ਕਿਸਾਨ ਅੰਦੋਲਨ ਗਾਂਧੀਵਾਦ ਦੇ ਤੌਰ ਤਰੀਕਿਆਂ ਨਾਲ ਜਿਊਂਦਾ ਹੈ। ਇਕ ਪਾਸੇ ਜਿੱਥੇ ਉਦਾਰਵਾਦ ਅਤੇ ਪੂੰਜੀਵਾਦੀ ਵਿਵਸਥਾ ਨੇ ਗਾਂਧੀਵਾਦੀ ਵਿਚਾਰਾਂ ਨੂੰ ਦੇਸ਼ ‘ਚ ਬਹੁਤ ਨੁਕਸਾਨ ਪਹੁੰਚਾਇਆ ਹੈ, ਉੱਥੇ ਹੀ ਲੋਕਤੰਤਰ ਦੀ ਆੜ ‘ਚ ਤਾਨਾਸ਼ਾਹੀ ਵੀ ਦੇਸ਼ ਲਈ ਵੱਡੀ ਚੁਣੌਤੀ ਹੈ। ਹਾਲਾਂਕਿ ਨਵਉਦਾਰਵਾਦ ਦੇ ਬੁਰੇ ਨਤੀਜੇ ਪੂਰੀ ਦੁਨੀਆ ‘ਚ ਸਾਹਮਣੇ ਆ ਗਏ ਹਨ। ਕਈ ਦੇਸ਼ਾਂ ‘ਚ ਲੋਕਤੰਤਰ ਦੀ ਆੜ ‘ਚ ਡੈਮੋਕ੍ਰੇਟਿਕ ਤਾਨਾਸ਼ਾਹੀ ਦਾ ਉਦੈ ਹੋਇਆ ਹੈ ਅਤੇ ਇਹੀ ਚਿੰਤਾ ਦੀ ਗੱਲ ਹੈ। ਭਾਰਤ ਵੀ ਇਸ ਦਾ ਸ਼ਿਕਾਰ ਹੋਇਆ ਹੈ।  21ਵੀਂ ਸਦੀ ‘ਚ ਕਾਰਪੋਰੇਟ ਅਧਾਰਿਤ ਸ਼ਾਸਕ ਵਰਗ ਨੇ ਸਮਾਜਿਕ, ਆਰਥਿਕ ਮੋਰਚਿਆਂ ‘ਤੇ ਗਾਂਧੀਵਾਦ, ਸਮਾਜਵਾਦ ਦੀ ਵਿਚਾਰਧਾਰਾ ਨੂੰ ਖ਼ਤਮ ਕਰ ਦਿੱਤਾ ਹੈ। ਸ਼ਾਸਕ ਵਰਗ ਨੇ ਕਾਰਪੋਰੇਟ ਹਿੱਤਾਂ ਨੂੰ ਸਾਧਣ ਲਈ ਨਫ਼ਰਤ ਦੀ ਰਾਜਨੀਤੀ ਨੂੰ ਉਤਸ਼ਾਹ ਦਿੱਤਾ ਗਿਆ। ਸਮਾਜ ‘ਚ ਧਰਮ ਅਤੇ ਜਾਤੀ ਦੇ ਨਾਂ ‘ਤੇ ਨਫ਼ਰਤ ਫੈਲਾਈ ਜਾ ਰਹੀ ਹੈ। ਭਾਰਤ ‘ਚ ਪਿਛਲੇ ਕੁਝ ਦਹਾਕਿਆਂ ‘ਚ ਵੱਡਾ ਅਹਿੰਸਕ ਅੰਦੋਲਨ ਦੇਖਣ ਨੂੰ ਨਹੀਂ ਮਿਲਿਆ ਹੈ ਪਰ ਕਿਸਾਨਾਂ ਨੇ ਇਸ ਦੀ ਫਿਰ ਤੋਂ ਸ਼ੁਰੂਆਤ ਕੀਤੀ ਹੈ। ਇਸ ਦਾ ਲਾਭ ਇਹ ਹੋਇਆ ਹੈ ਕਿ ਦੇਸ਼ ‘ਚ ਮੌਜੂਦਾ ਕਈ ਦੂਜੇ ਤਬਕੇ ਵੀ ਕਿਸਾਨਾਂ ਨਾਲ ਜੁੜ ਰਹੇ ਹਨ। ਕੁਝ ਕਾਰਪੋਰੇਟ ਫਰਮਾਂ ਦਾ ਬਾਈਕਾਟ ਗਾਂਧੀਵਾਦ ਤੋਂ ਪ੍ਰੇਰਿਤ ਹੈ। ਇਸ ਦਾ ਅਸਰ ਇਸ ਹੱਦ ਤੱਕ ਦਿੱਸਿਆ ਹੈ ਕਿ 2 ਵੱਡੇ ਕਾਰਪੋਰੇਟ ਘਰਾਨੇ ਅੰਬਾਨੀ ਅਤੇ ਅਡਾਨੀ ਗਰੁੱਪ ਇਸ ਸਮੇਂ ਸਫ਼ਾਈ ‘ਤੇ ਸਫ਼ਾਈ ਦੇ ਰਹੇ ਹਨ। ਇਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਈਸਟ ਇੰਡੀਆ ਕੰਪਨੀ ਦਾ ਅਵਤਾਰ ਦੱਸਣ ‘ਚ ਕਿਸਾਨ ਸਫ਼ਲ ਹੋ ਗਏ ਹਨ। ਕਿਸਾਨਾਂ ਦੀ ਇਸ ਵੱਡੀ ਸਫ਼ਲਤਾ ਦਾ ਮੁੱਖ ਕਾਰਨ ਉਨ੍ਹਾਂ ਦਾ ਗਾਂਧੀਵਾਦ ਅਹਿੰਸਾਤਮਕ ਅੰਦੋਲਨ ਹੈ।


Share