ਪੁਲਿਸ ਵੱਲੋਂ ਰਾਹੁਲ ਗਾਂਧੀ ਸਮੇਤ ਹੋਰ ਆਗੂਆਂ ਦੇ ਟਰੈਕਟਰ ਨਾਲ ਪ੍ਰਦਰਸ਼ਨ ਮਾਮਲੇ ’ਚ ਐੱਫ.ਆਈ.ਆਰ. ਦਰਜ

161
Share

ਨਵੀਂ ਦਿੱਲੀ, 29 ਜੁਲਾਈ (ਪੰਜਾਬ ਮੇਲ)- ਦਿੱਲੀ ਦੇ ਸੰਸਦ ਮਾਰਗ ਥਾਣਾ ਪੁਲਿਸ ਨੇ ਟਰੈਕਟਰ ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਹੋਰ ਆਗੂਆਂ ਦੇ ਸੰਸਦ ਭਵਨ ਜਾਣ ਦੇ ਮਾਮਲੇ ’ਚ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੀ ਧਾਰਾ ’ਚ ਰਿਪੋਰਟ ਦਰਜ ਕੀਤੀ ਹੈ। ਹਾਲਾਂਕਿ ਇਹ ਰਿਪੋਰਟ ਕੁਝ ਅਣਜਾਣ ਲੋਕਾਂ ਖ਼ਿਲਾਫ਼ ਵੀ ਦਰਜ ਕੀਤੀ ਗਈ ਹੈ।
ਉੱਥੇ ਹੀ, ਜਿਸ ਕੰਟੇਨਰ ’ਚ ਹਰਿਆਣਾ ਦੇ ਸੋਨੀਪਤ ਤੋਂ ਟਰੈਕਟਰ ਲਿਆਂਦਾ ਗਿਆ ਸੀ, ਉਸ ਨੂੰ ਧੌਲਾ ਕੂਆਂ ਨੇੜੇ ਪੁਲਿਸ ਨੇ ਜਾਂਚ ਲਈ ਰੋਕਿਆ ਸੀ ਪਰ ਕੰਟੇਨਰ ਚਾਲਕ ਕੋਲ ਕਾਂਗਰਸ ਦੇ ਰਾਜਸਭਾ ਦੇ ਇਕ ਮੈਂਬਰ ਦਾ ਲੈਟਰਹੈੱਡ ਸੀ। ਇਸ ਲੈਟਰਹੈੈੱਡ ’ਚ ਲਿਖਿਆ ਹੋਇਆ ਸੀ ਕਿ ਸੰਸਦ ਮੈਂਬਰ ਆਪਣੇ ਘਰ ਦਾ ਸਾਮਾਨ ਮੰਗਵਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਦਾ ਲੈਟਰਹੈੱਡ ਦੇਖਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਕੰਟੇਨਰ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੈਟਰਹੈੱਡ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ। ਚਾਲਕ ਕੋਲ ਜੋ ਲੈਟਰਹੈੱਡ ਸੀ, ਉਹ ਫੋਟੋਕਾਪੀ ਸੀ। ਨਵੀਂ ਦਿੱਲੀ ਇਲਾਕੇ ’ਚ ਕਿਸੇ ਵੀ ਤਰ੍ਹਾਂ ਦੇ ਵਪਾਰਕ ਵਾਹਨ ’ਚ ਦਾਖਲ ਹੋਣ ਦੀ ਮਨਾਹੀ ਹੈ। ਜੇ ਕਿਸੇ ਵਾਹਨ ਨੇ ਪ੍ਰਵੇਸ਼ ਕਰਨਾ ਹੈ, ਤਾਂ ਉਸ ਨੂੰ ਆਗਿਆ ਲੈਣੀ ਪਵੇਗੀ। ਕੰਟੇਨਰ ਚਾਲਕ ਕੋਲ ਇਸ ਤਰ੍ਹਾਂ ਦਾ ਆਗਿਆ ਪੱਤਰ ਨਹੀਂ ਸੀ।


Share