ਪੁਲਿਸ ਵੱਲੋਂ ਬੱਤੀ ਵਾਲੀ ਗੱਡੀ ਦਾ ਚਲਾਨ

ਅੰਮ੍ਰਿਤਸਰ, 2 ਜੂਨ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੇਂ ਦੇਸ਼ ਵਿੱਚੋਂ ਵੀਆਈਪੀ ਕਲਚਰ ਖ਼ਤਮ ਕਰਨ ਦੀ ਗੱਲ ਕਰਦੇ ਹਨ। ਸੂਬੇ ਦੀ ਕਾਂਗਰਸ ਸਰਕਾਰ ਵੀ ਇਸ ਨੂੰ ਖ਼ਤਮ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਅੰਮ੍ਰਿਤਸਰ ਵਿੱਚ ਖੁੱਲ੍ਹ ਗਈ। ਇੱਥੇ ਪੁਲਿਸ ਨੇ ਸਿੱਖਿਆ ਵਿਭਾਗ ਵਿੱਚ ਤਾਇਨਾਤ ਡਿਪਟੀ ਡਾਇਰੈਕਟਰ ਪ੍ਰਦੀਪ ਸੱਭਰਵਾਲ ਦੀ ਪ੍ਰਾਈਵੇਟ ਗੱਡੀ ‘ਤੇ ਲੱਗੀ ਬੱਤੀ ਤੇ ਡਰਾਈਵਰ ਵੱਲੋਂ ਹੂਟਰ ਵਜਾਉਣ ਕਰਕੇ ਉਸ ਦਾ ਚਲਾਨ ਕੱਟ ਦਿੱਤਾ ਗਿਆ।
6 ਜੂਨ ਨੂੰ ਮਨਾਈ ਜਾ ਰਹੀ ਅਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਕਰਕੇ ਸ਼ਹਿਰ ਵਿੱਚ ਸੁਰੱਖਿਆ ਦੇ ਪ੍ਰਬੰਧ ਕਰੜੇ ਕੀਤੇ ਗਏ ਹਨ। ਥਾਂ-ਥਾਂ ਨਾਕਾਬੰਦੀ ਕੀਤੀ ਗਈ ਹੈ ਪਰ ਪੁਲਿਸ ਦੇ ਇਨ੍ਹਾਂ ਨਾਕਿਆਂ ਦੀ ਪ੍ਰਵਾਹ ਕੀਤੇ ਬਗੈਰ ਪ੍ਰਦੀਪ ਸੱਭਰਵਾਲ ਦਾ ਡਰਾਈਵਰ ਜ਼ੋਰ ਜ਼ੋਰ ਨਾਲ ਹੂਟਰ ਵਜਾ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਰੋਕ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ। ਗੱਡੀ ‘ਤੇ ਲੱਗੀ ਪੀਲੀ ਬੱਤੀ ਨੂੰ ਉਤਾਰਨ ਤੋਂ ਬਾਅਦ ਚਲਾਨ ਕੀਤਾ ਗਿਆ। ਗੱਡੀ ਚਲਾ ਰਹੇ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਾਹਬ ਦੀ ਪਤਨੀ ਨੂੰ ਲੈਣ ਲਈ ਜਾ ਰਿਹਾ ਸੀ।
ਦਰਅਸਲ ਇਸ ਗੱਡੀ ਦਾ ਇਸਤੇਮਾਲ ਪ੍ਰਦੀਪ ਸੱਭਰਵਾਲ ਦੀ ਪਤਨੀ ਨੂੰ ਉਸ ਦੇ ਦਫਤਰ ਆਉਣ-ਜਾਣ ਲਈ ਕੀਤਾ ਜਾਂਦਾ ਹੈ। ਚਲਾਨ ਕਰਨ ਵਾਲੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਦੇ ਚਾਲਕ ਵੱਲੋਂ ਹੂਟਰ ਵਜਾਏ ਜਾਣ ਤੋਂ ਬਾਅਦ ਉਸ ਨੂੰ ਰੋਕ ਕੇ ਗੱਡੀ ‘ਤੇ ਲੱਗੀ ਪੀਲੀ ਬੱਤੀ ਉਤਾਰਨ ਤੋਂ ਬਾਅਦ ਜ਼ਬਤ ਕਰ ਲਈ ਗਈ ਹੈ। ਇਸ ਦੇ ਨਾਲ ਹੀ ਜਦੋਂ ਡਰਾਈਵਰ ਕੋਲੋਂ ਗੱਡੀ ਦੇ ਕਾਗਜ਼ ਮੰਗੇ ਗਏ ਤਾਂ ਉਸ ਵੱਲੋਂ ਕਾਗਜ਼ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ।
There are no comments at the moment, do you want to add one?
Write a comment