ਪੁਲਿਸ ਨੇ ਬਜਟ ਤੋਂ ਪਹਿਲਾਂ ਵਿਧਾਨ ਸਭਾ ਬਾਹਰ ਪ੍ਰਦਰਸ਼ਨ ਕਰ ਰਹੇ ਅਕਾਲੀ ਵਿਧਾਇਕਾਂ ਨੂੰ ਲਿਆ ਹਿਰਾਸਤ ‘ਚ

88
Share

ਚੰਡੀਗੜ੍ਹ, 8 ਮਾਰਚ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ‘ਚ ਅੱਜ ਤੋਂ ਮੌਜੂਦਾ ਕਾਂਗਰਸ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਵਿਧਾਨ ਸਭਾ ਦੇ ਸਪੀਕਰ ਨੇ 10 ਸ਼੍ਰੋਮਣੀ ਅਕਾਲੀ ਦਲ ਵਿਧਾਇਕਾਂ ਨੂੰ ਰਹਿੰਦੇ ਤਿੰਨ ਦਿਨਾਂ ਲਈ ਵਿਧਾਨ ਸਭਾ ‘ਚੋਂ ਸਸਪੈਂਡ ਕਰ ਦਿੱਤਾ ਸੀ। ਅੱਜ ਬਜਟ ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕ ਐਮਐਲਏ ਫਲੈਟ ਤੋਂ ਚੱਲ ਕੇ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਸਨ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲਿਆ। ਐਮਐਲਏ ਫਲੈਟ ਕੋਲ ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਰੋਕਣ ਲਈ ਇੰਤਜ਼ਾਮ ਕੀਤੇ ਸਨ ਪਰ ਵਿਧਾਇਕ ਤੇ ਵਰਕਰ ਚੰਡੀਗੜ੍ਹ ਪੁਲਿਸ ਨੂੰ ਚਕਮਾ ਦੇ ਕੇ ਐਮਐਲਏ ਫਲੈਟ ਦੇ ਪਿਛਲੇ ਪਾਸਿਓਂ ਸੜਕ ‘ਤੇ ਆ ਗਏ ਤੇ ਵਿਧਾਨ ਸਭਾ ਵੱਲ ਮਾਰਚ ਕਰਨ ਲੱਗੇ। ਇਸ ਤੋਂ ਅੱਗੇ ਵੀ ਚੰਡੀਗੜ੍ਹ ਪੁਲਿਸ ਨੇ ਅਕਾਲੀ ਵਿਧਾਇਕਾਂ ਤੇ ਵਰਕਰਾਂ ਨੂੰ ਰੋਕਣ ਦਾ ਇੰਤਜ਼ਾਮ ਕਰ ਰੱਖਿਆ ਸੀ। ਬੈਰੀਕੇਡ, ਪਾਣੀ ਦੀਆਂ ਬੋਛਾੜਾਂ ਲਾ ਰੱਖੀਆਂ ਸਨ। ਇੱਥੇ ਵਿਧਾਇਕਾਂ ਤੇ ਵਰਕਰਾਂ ਨੇ ਬੈਰੀਕੇਡ ਤੋੜ ਦਿੱਤੇ ਜਿਸ ਦੇ ਚੱਲਦਿਆਂ ਪੁਲਿਸ ਨੇ ਵਾਟਰ ਕੈਨਨ ਵੀ ਇਸਤੇਮਾਲ ਕੀਤਾ। ਅਕਾਲੀ ਦਲ ਵਿਧਾਇਕ ਤੇ ਵਰਕਰ ਵਿਧਾਨ ਸਭਾ ਵੱਲ ਵਧ ਗਏ ਤੇ ਵਿਧਾਨ ਸਭਾ ਦੇ ਪਹਿਲੇ ਗੇਟ ‘ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਇੱਥੋਂ ਪੁਲਿਸ ਅਕਾਲੀ ਦਲ ਦੇ ਵਿਧਾਇਕਾਂ ਤੇ ਵਰਕਰਾਂ ਨੂੰ ਜ਼ਬਰਦਸਤੀ ਗੱਡੀਆਂ ‘ਚ ਭਰ ਕੇ ਹਿਰਾਸਤ ‘ਚ ਲੈ ਗਈ।


Share