ਪੁਲਿਸ ਅਧਿਕਾਰੀਆਂ ਨੇ ਨਿਊਯਾਰਕ ’ਚ ਬੰਦ ਕਰਵਾਇਆ ਗੈਰ ਕਾਨੂੰਨੀ ਕਲੱਬ

298
Share

ਫਰਿਜ਼ਨੋ, 23 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਪੁਲਿਸ ਅਧਿਕਾਰੀਆਂ ਨੇ ਐਤਵਾਰ ਸਵੇਰੇ ਨਿਊਯਾਰਕ ਸਿਟੀ ’ਚ ਕਾਰਵਾਈ ਕਰਦਿਆਂ ਇੱਕ ਗੈਰ ਕਾਨੂੰਨੀ ਨਾਈਟ ਕਲੱਬ ਨੂੰ ਬੰਦ ਕਰਵਾਇਆ ਹੈ। ਇਸ ਕਾਰਵਾਈ ਦੌਰਾਨ ਪੁਲਿਸ ਅਧਿਕਾਰੀ ਸਵੇਰ ਦੇ ਲਗਭਗ 2:45 ਵਜੇ, ਨਿਊਯਾਰਕ ਦੇ ਕਵੀਨਜ਼ ਖੇਤਰ ਦੀ ਇੱਕ ਇਮਾਰਤ ’ਚ ਦਾਖਲ ਹੋਏ, ਜਿੱਥੇ 164 ਤੋਂ ਜ਼ਿਆਦਾ ਲੋਕਾਂ ਦਾ ਗੈਰ ਕਾਨੂੰਨੀ ਇਕੱਠ ਸੀ। ਅਧਿਕਾਰੀਆਂ ਨੇ ਟਵਿੱਟਰ ’ਤੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇਸ ਕਲੱਬ ਨੇ ਕੋਵਿਡ-19 ਮਹਾਂਮਾਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ ਅਤੇ ਕਲੱਬ ਕੋਲ ਸ਼ਰਾਬ ਦਾ ਲਾਈਸੈਂਸ ਵੀ ਨਹੀਂ ਸੀ। ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਨਿਊਯਾਰਕ ਸਿਟੀ ਵਿਚ, ਨਿੱਜੀ ਘਰਾਂ ਵਿਚ 10 ਤੋਂ ਵੱਧ ਲੋਕਾਂ ਦੇ ਅੰਦਰੂਨੀ ਜਾਂ ਬਾਹਰੀ ਇਕੱਠ ਕਰਨ ਦੀ ਆਗਿਆ ਨਹੀਂ ਹੈ, ਅਤੇ ਸ਼ਹਿਰ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ, 50 ਤੋਂ ਵੱਧ ਲੋਕਾਂ ਦੇ ਇਕੱਠ ਕਰਨ ਦੀ ਵੀ ਆਗਿਆ ਨਹੀਂ ਹੈ। ਇਸ ਲਈ ਅਧਿਕਾਰੀਆਂ ਨੇ 164 ਤੋਂ ਜ਼ਿਆਦਾ ਲੋਕਾਂ ਦਾ ਇਕੱਠ, ਐਮਰਜੈਂਸੀ ਆਦੇਸ਼ਾਂ ਦੀ ਉਲੰਘਣਾ, ਸ਼ਰਾਬ ਲਾਇਸੈਂਸ ਦਾ ਨਾ ਹੋਣਾ, ਅੱਗ ਅਤੇ ਸਿਹਤ ਕੋਡ ਦੀ ਉਲੰਘਣਾ ਆਦਿ ਕਰਨ ਲਈ ਇਸ ਕਲੱਬ ਨੂੰ ਬੰਦ ਕਰਨ ਦੇ ਨਾਲ 5 ਵਿਅਕਤੀਆਂ ਉੱਤੇ ਕਈ ਤਰ੍ਹਾਂ ਦੇ ਅਪਰਾਧਿਕ ਦੋਸ਼ ਵੀ ਲਗਾਏ ਹਨ। ਇਸ ਸਾਲ ਮਹਾਂਮਾਰੀ ਦੌਰਾਨ ਸ਼ਹਿਰ ਦੇ ਅਧਿਕਾਰੀਆਂ ਨੇ ਨਾਜਾਇਜ਼ ਇਕੱਠਾਂ ਨਾਲ ਜੁੜੇ ਸਥਾਨਾਂ ਨੂੰ ਬੰਦ ਕਰਵਾਉਣ ਦੇ ਇਲਾਵਾ ਗ੍ਰਿਫਤਾਰੀਆਂ ਵੀ ਕੀਤੀਆਂ ਹਨ।


Share