ਪੁਰਸ਼ਾਂ ਦੇ ਹੱਥ ਦੀ ਇਕ ਉਂਗਲ ਦਾ ਸਬੰਧ ਕੋਰੋਨਾਵਾਇਰਸ ਦੇ ਖਤਰੇ ਨਾਲ : ਵਿਗਿਆਨੀਆਂ ਵੱਲੋਂ ਅਧਿਐਨ ‘ਚ ਦਾਅਵਾ

610
Share

ਲੰਡਨ, 29 ਮਈ (ਪੰਜਾਬ ਮੇਲ)-ਵਿਗਿਆਨੀਆਂ ਨੇ ਇਕ ਅਧਿਐਨ ‘ਚ ਦਾਅਵਾ ਕੀਤਾ ਹੈ ਕਿ ਪੁਰਸ਼ਾਂ ਦੇ ਹੱਥ ਦੀ ਇਕ ਉਂਗਲ ਦਾ ਸਬੰਧ ਕੋਰੋਨਾ ਵਾਇਰਸ ਦੇ ਖਤਰੇ ਨਾਲ ਹੈ ਅਤੇ ਉਂਗਲ ਦੇ ਆਕਾਰ ਤੋਂ ਕੋਰੋਨਾ ਨਾਲ ਮੌਤ ਦਾ ਖਤਰਾ ਘੱਟ ਜਾਂ ਜ਼ਿਆਦਾ ਹੋਣ ਦਾ ਪਤਾ ਲੱਗ ਸਕਦਾ। ਵਿਗਿਆਨੀਆਂ ਨੇ ਉਂਗਲ ਦੇ ਆਕਾਰ ਨਾਲ ਕੋਰੋਨਾ ਦੇ ਖਤਰੇ ਦਾ ਸਬੰਧ ਸਥਾਪਤ ਕਰਨ ਲਈ 41 ਦੇਸ਼ਾਂ ਦੇ ਮਰੀਜ਼ਾਂ ਦੇ ਡਾਟਾ ਦਾ ਅਧਿਐਨ ਕੀਤਾ, ਜਿਸ ਵਿਚ ਭਾਰਤ ਦੇ 2274 ਕੋਰੋਨਾ ਤੋਂ ਪੀੜਤ ਪੁਰਸ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ। ਵਿਗਿਆਨੀਆਂ ਨੇ ਕਿਹਾ ਕਿ ਜਿਹੜੇ ਪੁਰਸ਼ਾਂ ਦੀ ਚੀਚੀ ਨਾਲ ਵਾਲੀ (ਰਿੰਗ ਫਿੰਗਰ) ਲੰਬੀ ਹੈ, ਉਨ੍ਹਾਂ ਨੂੰ ਕੋਰੋਨਾ ਨਾਲ ਮੌਤ ਦਾ ਖਤਰਾ ਤੁਲਨਾਤਮਕ ਰੂਪ ਨਾਲ ਘੱਟ ਹੈ। ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਲੰਬੀ ਉਂਗਲ ਵਾਲੇ ਪੁਰਸ਼ਾਂ ਵਿਚ ਕੋਰੋਨਾ ਦੇ ਸਿਰਫ ਹਲਕੇ ਲੱਛਣ ਹੋ ਸਕਦੇ ਹਨ। ਬ੍ਰਿਟੇਨ ਦੇ ਵੇਲਜ਼ ਵਿਚ 1920 ਵਿਚ ਸਥਾਪਤ ਹੋਈ ਸਵੈਂਸੀ ਯੂਨੀਵਰਸਿਟੀ ਵਿਚ ਇਹ ਅਧਿਐਨ ਕੀਤਾ ਗਿਆ ਅਤੇ ਅਧਿਐਨ ਨੂੰ ਅਰਲੀ ਹਿਊਮਨ ਡਿਵੈੱਲਪਮੈਂਟ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ਮੁਤਾਬਕ ਔਰਤਾਂ ਦੇ ਹੱਥਾਂ ਦੀ ਉਂਗਲ ਦਾ ਮੌਤ ਦਰ ਨਾਲ ਸਬੰਧ ਨਹੀਂ ਪਾਇਆ ਗਿਆ।
ਖੋਜਕਾਰ ਪ੍ਰੋਫੈਸਰ ਜੌਨ ਮੈਨਿੰਗ ਨੇ ਕਿਹਾ ਕਿ ਅਧਿਐਨ ਦੇ ਆਧਾਰ ‘ਤੇ ਦੇਖੀਏ ਤਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਆਸਟ੍ਰੀਆ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਨੂੰ ਬਾਇਓਲੌਜੀਕਲ ਲਾਭ ਮਿਲ ਸਕਦਾ ਹੈ। ਇਨ੍ਹਾਂ ਦੇਸ਼ਾਂ ਦੇ ਲੋਕਾਂ ਦੀ ਰਿੰਗ ਫਿੰਗਰ ਆਮ ਤੌਰ ‘ਤੇ ਲੰਬੀ ਹੁੰਦੀ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਰਿੰਗ ਫਿੰਗਰ ਦੀ ਲੰਬਾਈ ਦਾ ਸਬੰਧ ਗਰਭ ਦੇ ਦੌਰਾਨ ਭਰੂਣ ਨੂੰ ਮਿਲੇ ਟੈਸਟੋਸਟੇਰਾਨ ਦੇ ਪੱਧਰ ਨਾਲ ਹੁੰਦਾ ਹੈ। ਇਸ ਅਧਿਐਨ ਦੇ ਲਈ ਵਿਗਿਆਨੀਆਂ ਨੇ 41 ਦੇਸ਼ਾਂ ਦੇ 2 ਲੱਖ ਲੋਕਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ਲੋਕਾਂ ਦੇ ਹੱਥਾਂ ਦੀ ਉਂਗਲ ਦਾ ਮਾਪ ਖੋਜੀਆਂ ਨੇ ਲਿਆ ਸੀ। ਅਧਿਐਨ ਦੌਰਾਨ ਪਾਇਆ ਗਿਆ ਕਿ ਜਿਹੜੇ ਦੇਸ਼ਾਂ ਦੇ ਪੁਰਸ਼ਾਂ ਦੀ ਰਿੰਗ ਫਿੰਗਰ ਔਸਤਨ ਛੋਟੀ ਹੁੰਦੀ ਹੈ, ਉੱਥੇ ਪੁਰਸ਼ਾਂ ਵਿਚ ਕੋਰੋਨਾ ਨਾਲ ਮੌਤ ਦਾ ਖਤਰਾ ਵੱਧ ਹੁੰਦਾ ਹੈ। ਵਿਗਿਆਨੀਆਂ ਨੇ ਹੱਥਾਂ ਦੀ ਉਂਗਲ ਦੇ ਅਧਿਐਨ ਦੇ ਲਈ ਇਕ ਅਨੁਪਾਤ ਦੀ ਵੀ ਵਰਤੋਂ ਕੀਤੀ। ਇਸ ਦੌਰਾਨ ਇੰਡੈਕਸ ਫਿੰਗਰ ਅਤੇ ਰਿੰਗ ਫਿੰਗਰ ਦਾ ਮਾਪ ਲਿਆ ਗਿਆ। ਇੰਡੈਕਸ ਫਿੰਗਰ ਦੀ ਲੰਬਾਈ ਨੂੰ ਰਿੰਗ ਫਿੰਗਰ ਦੀ ਲੰਬਾਈ ਨਾਲ ‘ਅੰਕ ਅਨੁਪਾਤ’ ਦੌਰਾਨ ਇਹ ਨਤੀਜੇ ਸਾਹਮਣੇ ਆਏ। ਰਿਪੋਰਟ ਮੁਤਾਬਿਕ ਜੇਕਰ ਅੰਕ ਅਨੁਪਾਤ ਘੱਟ ਹੈ (ਕਰੀਬ 0.976) ਤਾਂ ਇਸ ਦਾ ਮਤਲਬ ਹੋ ਸਕਦਾ ਹੈ ਕਿ ਤੁਸੀਂ ਕੋਰੋਨਾ ਤੋਂ ਬਚ ਜਾਓਗੇ। ਉੱਥੇ ਜੇਕਰ ਅੰਕ ਅਨੁਪਾਤ ਵੱਧ ਹੈ (0.99 ਤੋਂ ਵੱਧ) ਤਾਂ ਇਸ ਦਾ ਇਸ਼ਾਰਾ ਇਹ ਹੋ ਸਕਦਾ ਹੈ ਕਿ ਤੁਹਾਨੂੰ ਕੋਰੋਨਾ ਤੋਂ ਜ਼ਿਆਦਾ ਖਤਰਾ ਹੈ। ਅੰਕ ਅਨੁਪਾਤ ਘੱਟ ਹੋਣ ਲਈ ਤੁਹਾਡੀ ਰਿੰਗ ਫਿੰਗਰ ਲੰਬੀ ਹੋਣੀ ਚਾਹੀਦੀ ਹੈ।


Share