ਪੁਤਿਨ 2036 ਤੱਕ ਬਣੇ ਰਹਿ ਸਕਦੇ ਨੇ ਰੂਸ ਦੇ ਰਾਸ਼ਟਰਪਤੀ!

457
Share

ਮਾਸਕੋ, 12 ਮਾਰਚ (ਪੰਜਾਬ ਮੇਲ)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸੰਨ 2036 ਤਕ ਆਪਣੇ ਅਹੁਦੇ ‘ਤੇ ਬਣੇ ਰਹਿ ਸਕਦੇ ਹਨ। ਇਸ ਸਮੇਂ ਉਹ 67 ਸਾਲ ਦੇ ਹਨ, ਇਸ ਲਿਹਾਜ਼ ਨਾਲ ਉਹ 83 ਸਾਲ ਦੀ ਉਮਰ ਤਕ ਰਾਸ਼ਟਰਪਤੀ ਬਣੇ ਰਹਿ ਸਕਦੇ ਹਨ। ਫ਼ੌਜੀ ਸਮਰੱਥਾ ‘ਚ ਦੁਨੀਆਂ ਦੇ ਦੂਜੇ ਸ਼ਕਤੀਸ਼ਾਲੀ ਦੇਸ਼ ਰੂਸ ‘ਚ ਇਹ ਸੰਵਿਧਾਨਕ ਬਦਲਾਅ ਕੁਝ ਉਸੇ ਤਰ੍ਹਾਂ ਹੈ ਜਿਵੇਂ ਕਿ ਦੂਜੇ ਨੰਬਰ ਦੀ ਆਰਥਿਕ ਮਹਾਸ਼ਕਤੀ ਚੀਨ ‘ਚ ਸ਼ੀ ਜਿਨਪਿੰਗ ਦੇ ਰਾਸ਼ਟਰਪਤੀ ਬਣੇ ਰਹਿਣ ਬਾਰੇ ਹੋਇਆ ਸੀ। ਜ਼ਾਹਰ ਹੈ ਕਿ ਰੂਸ ‘ਚ ਪੁਤਿਨ ਦੀ ਮਜ਼ਬੂਤੀ ਨਾਲ ਅਮਰੀਕਾ ‘ਤੇ ਦਬਾਅ ਵਧੇਗਾ।
ਰੂਸ ‘ਚ ਰਾਸ਼ਟਰਪਤੀ ਦੇ ਰੂਪ ‘ਚ ਪੁਤਿਨ ਦਾ ਦੂਜਾ ਕਾਰਜਕਾਲ 2024 ‘ਚ ਪੂਰਾ ਹੋਣ ਵਾਲਾ ਹੈ। ਰੂਸ ਦੀ ਸੰਵਿਧਾਨਕ ਵਿਵਸਥਾ ਮੁਤਾਬਕ ਇਕ ਵਿਅਕਤੀ ਵੱਧ ਤੋਂ ਵੱਧ ਦੋ ਕਾਰਜਕਾਲ ਲਈ ਰਾਸ਼ਟਰਪਤੀ ਬਣ ਸਕਦਾ ਹੈ। ਪਰ ਬੁੱਧਵਾਰ ਨੂੰ ਦੇਸ਼ ਦੀ ਸੰਸਦ ਦੇ ਹੇਠਲੇ ਸਦਨ ਡਿਊਮਾ ਨੇ ਇਕ ਮਤਾ ਪਾਸ ਕਰ ਕੇ ਪੁਤਿਨ ਨੂੰ 2036 ਤਕ ਰਾਸ਼ਟਰਪਤੀ ਦੇ ਅਹੁਦੇ ‘ਤੇ ਬਣੇ ਰਹਿਣ ‘ਤੇ ਮੋਹਰ ਲਗਾ ਦਿੱਤੀ। ਮਤੇ ਦੇ ਸਮਰਥਨ ‘ਚ 383 ਵੋਟਾਂ ਪਈਆਂ, ਵਿਰੋਧ ‘ਚ ਕੋਈ ਵੋਟ ਨਹੀਂ ਪਈ। 43 ਮੈਂਬਰਾਂ ਨੇ ਵੋਟਿੰਗ ‘ਚ ਹਿੱਸਾ ਨਹੀਂ ਲਿਆ ਜਦਕਿ 24 ਮੈਂਬਰ ਸਦਨ ਦੀ ਕਾਰਵਾਈ ਤੋਂ ਗ਼ੈਰਹਾਜ਼ਰ ਰਹੇ। ਹੁਣ ਇਹ ਮਤਾ ਉੱਚ ਸਦਨ ਫੈਡਰਲ ਕੌਂਸਲ ‘ਚ ਜਾਵੇਗਾ। ਉੱਥੇ ਮਨਜ਼ੂਰੀ ਮਿਲਣ ਤੋਂ ਬਾਅਦ 22 ਅਪ੍ਰੈਲ ਨੂੰ ਇਸ ‘ਤੇ ਜਨਤਾ ਦੀ ਰਾਏ ਜਾਣਨ ਲਈ ਵੋਟਿੰਗ ਕਰਵਾਈ ਜਾਵੇਗੀ। ਇਸ ਮਤੇ ਮੁਤਾਬਕ ਪੁਤਿਨ ਦੇ ਪਿਛਲੇ ਸਾਰੇ ਕਾਰਜਕਾਲਾਂ ਨੂੰ ਸਿਫ਼ਰ ਐਲਾਨ ਦਿੱਤਾ ਗਿਆ, ਹਾਲਾਂਕਿ ਕਿਸੇ ਹੋਰ ਵਿਅਕਤੀ ਲਈ ਵੱਧ ਤੋਂ ਵੱਧ ਦੋ ਵਾਰ ਰਾਸ਼ਟਰਪਤੀ ਬਣੇ ਰਹਿਣ ਦਾ ਸੰਵਿਧਾਨਕ ਪ੍ਰਬੰਧ ਕਾਇਮ ਹੈ। ਮਤਾ ਪਾਸ ਹੋਣ ਤੋਂ ਬਾਅਦ ਡਿਊਮਾ ਦੇ ਸਪੀਕਰ ਯਾਤੇਸਲਾਵ ਵੋਲੋਦਿਨ ਨੇ ਕਿਹਾ ਕਿ ਦੇਸ਼ ਦੇ ਵਿਕਾਸ ਤੇ ਮਜ਼ਬੂਤੀ ਲਈ ਪੁਤਿਨ ਦਾ ਰਾਸ਼ਟਰਪਤੀ ਬਣੇ ਰਹਿਣਾ ਜ਼ਰੂਰੀ ਹੈ। ਇਸ ਲਈ ਰਾਸ਼ਟਰ ਹਿੱਤ ‘ਚ ਡਿਊਮਾ ਨੇ ਮਤੇ ਨੂੰ ਮਨਜ਼ੂਰੀ ਦਿੱਤੀ ਹੈ।
ਪੁਤਿਨ ਨੇ ਸੰਵਿਧਾਨਕ ਬਦਲਾਅ ਦਾ ਐਲਾਨ ਜਨਵਰੀ ‘ਚ ਉਦੋਂ ਕਰ ਦਿੱਤਾ ਸੀ ਜਦੋਂ ਦਮਿਤਰੀ ਮੇਦਵੇਦੇਵ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਲੈ ਲਿਆ ਗਿਆ। ਪਰ ਉਦੋਂ ਇਹ ਵੀ ਕਿਹਾ ਸੀ ਕਿ ਉਹ 2024 ਤੋਂ ਬਾਅਦ ਰਾਸ਼ਟਰਪਤੀ ਅਹੁਦੇ ‘ਤੇ ਬਣੇ ਰਹਿਣਾ ਨਹੀਂ ਚਾਹੁੰਦੇ। ਪਰ ਹੁਣ 2024 ‘ਚ ਉਨ੍ਹਾਂ ਫਿਰ ਤੋਂ ਦੋ ਕਾਰਜਕਾਲ (12 ਸਾਲ) ਲਈ ਰਾਸ਼ਟਰਪਤੀ ਬਣੇ ਰਹਿਣ ਦਾ ਰਾਹ ਪੱਧਰ ਹੋ ਗਿਆ ਲੱਗਦਾ ਹੈ। ਪੁਤਿਨ ਦੇ ਆਲੋਚਕ ਵਿਰੋਧੀ ਧਿਰ ਦੇ ਨੇਤਾ ਏਲੈਕਸੇਈ ਨੇਵਾਲਨੀ ਨੇ ਇਸ ਨੂੰ ਪੁਤਿਨ ਦੇ ਹਮੇਸ਼ਾ ਰਾਸ਼ਟਰਪਤੀ ਬਣੇ ਰਹਿਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਹਾਲਾਂਕਿ ਪੁਤਿਨ ਕਹਿੰਦੇ ਹਨ ਕਿ ਉਹ ਸੋਵੀਅਤ ਕਾਲੀਨ ਲੀਡਰਸ਼ਿਪ ਪ੍ਰੰਪਰਾ ਦੇ ਵਿਰੋਧੀ ਹਨ ਜਿਸ ‘ਚ ਰਾਸ਼ਟਰਪਤੀ ਕੋਲ ਸਾਰੀ ਜ਼ਿੰਦਗੀ ਦਾ ਅਹੁਦਾ ਰਹਿੰਦਾ ਸੀ।


Share