‘ਪਿੰਡ ਜਵਾਹਰਪੁਰ’ ਬਣਿਆ ਕੋਰੋਨਾ ਦਾ ਗੜ੍ਹ

165
Share

ਮੋਹਾਲੀ, 13 ਅਪ੍ਰੈਲ, (ਪੰਜਾਬ ਮੇਲ) – ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਅੱਜ ਦੁਨੀਆ ਭਰ ਦੇ ਲੋਕਾਂ ਲਈ ਸ਼ਰਾਪ ਬਣ ਚੁੱਕਾ ਹੈ, ਉੱਥੇ ਇਸ ਮਹਾਂਮਾਰੀ ਖਿਲਾਫ ਭਾਰਤ ਭਰ ਦੇ ਲੋਕ ਆਪਣੇ ਘਰਾਂ ‘ਚ ਰਹਿ ਕੇ ਲੜਾਈ ਲੜ ਰਹੇ ਹਨ, ਜਦੋਂ ਕਿ ਪੰਜਾਬ ਦਾ ਜ਼ਿਲਾ ਮੋਹਾਲੀ ਪੂਰੇ ਸੂਬੇ ‘ਚੋਂ ਪਾਜ਼ੇਟਿਵ ਮਾਮਲਿਆਂ ਦੇ ਪੱਖੋਂ ਅੱਗੇ ਵਧਦਾ ਜਾ ਰਿਹਾ ਹੈ ਅਤੇ ਜ਼ਿਲਾ ਮੋਹਾਲੀ ਦੇ ਕੋਰੋਨਾ ਵਾਇਰਸ ਦੇ ਪੀੜਤਾਂ ਦਾ ਹਾਟਸਪਾਟ ਬਣ ਚੁੱਕੇ ਪਿੰਡ ਜਵਾਹਰਪੁਰ ‘ਚ ਅਜੇ ਬੀਤੇ ਦਿਨ 2 ਹੋਰ ਬਜ਼ੁਰਗ ਔਰਤਾਂ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਨਾਲ ਜਵਾਹਰਪੁਰ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਹੀ ਨਹੀਂ, ਸਗੋਂ ਪੂਰੇ ਮੋਹਾਲੀ ਜ਼ਿਲੇ ਦੀਆਂ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੀ ਚਿੰਤਤ ਹਨ ਕਿ ਆਖਰ ਮਹਾਂਮਾਰੀ ਦੀ ਇਹ ਚੇਨ ਕਦੋਂ ਟੁੱਟੇਗੀ। ਪਿੰਡ ਜਵਾਹਰਪੁਰ ਦੇ ਹੁਣ ਤੱਕ 34 ਪਾਜ਼ੇਟਿਵ ਮਾਮਲਿਆਂ ਦੀ ਇਹ ਚੇਨ 4 ਅਪ੍ਰੈਲ ਨੂੰ ਇਕ ਵਿਅਕਤੀ ਦਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਸ਼ੁਰੂ ਹੋਈ ਸੀ ਅਤੇ ਪਹਿਲਾਂ ਹੀ ਪਿੰਡ ਜਵਾਹਰਪੁਰ ਦੇ ਪਾਜ਼ੇਟਿਵ ਕੇਸ ਆ ਚੁੱਕੇ ਮਨਪ੍ਰੀਤ ਦੀ ਦਾਦੀ ਤੇਜ ਕੌਰ ਅਤੇ ਅਜੀਤ ਸਿੰਘ ਦੀ ਪਤਨੀ ਹਰਦੇਵ ਕੌਰ ਦੇ ਸੈਂਪਲਾਂ ਦੀ ਰਿਪੋਰਟ ਵੀ ਪਾਜ਼ੇਟਿਵ ਆ ਗਈ, ਜਿਸ ਨਾਲ ਪਿੰਡ ਜਵਾਹਰਪੁਰ ਦੇ ਕੁੱਲ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 37 ਤੱਕ ਪੁੱਜ ਗਿਆ ਹੈ ਅਤੇ ਜ਼ਿਲਾ ਮੋਹਾਲੀ ਦੇ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 54 ਹੋ ਗਈ ਹੈ। ਪਿੰਡ ਜਵਾਹਰਪੁਰ ਵਿਖੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦੀ ਚੇਨ ‘ਚ ਪਹਿਲਾ ਮਾਮਲਾ 4 ਅਪ੍ਰੈਲ ਨੂੰ ਜੁੜਿਆ ਸੀ, ਜਦੋਂ ਕਿ 5 ਅਪ੍ਰੈਲ ਨੂੰ ਪਿੰਡ ‘ਚ ਪੂਰੀ ਸ਼ਾਂਤੀ ਰਹੀ ਪਰ ਅਗਲੀ ਸਵੇਰ ਹੁੰਦਿਆਂ ਹੀ 6 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੇ 3 ਮਾਮਲੇ, 7 ਨੂੰ 7 ਮਾਮਲੇ, 8 ਨੂੰ ਸਭ ਤੋਂ ਵੱਧ 10 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ, ਫਿਰ 9 ਅਪ੍ਰੈਲ ਨੂੰ ਇਕ ਮਾਮਲਾ, 10 ਨੂੰ 10 ਮਾਮਲੇ, ਜਦੋਂ ਕਿ 11 ਅਪ੍ਰੈਲ ਨੂੰ 2 ਮਾਮਲੇ ਅਤੇ 12 ਅਪ੍ਰੈਲ ਨੂੰ ਫਿਰ 2 ਔਰਤਾਂ ਅਤੇ ਬਾਅਦ ਦੁਪਹਿਰ ਆਈ ਰਿਪੋਰਟ ਮੁਤਾਬਕ 17 ਸਾਲਾ ਪਿੰਡ ਜਵਾਹਰਪੁਰ ਵਾਸੀ ਅਮਰਜੀਤ ਕੌਰ ਦੇ ਸੈਂਪਲ ਦੀ ਰਿਪੋਰਟ ਵੀ ਪਾਜ਼ੇਟਿਵ ਆਉਣ ਨਾਲ ਇਹ ਗਿਣਥੀ 37 ਤੱਕ ਜਾ ਪੁੱਜੀ ਹੈ। ਅਮਰਜੀਤ ਕੌਰ ਪਿੰਡ ਦੇ ਮੈਂਬਰ ਪੰਚਾਇਤ ਮਲਕੀਤ ਸਿੰਘ, ਜਿਸ ਦੇ ਸੈਂਪਲ ਦੀ ਰਿਪੋਰਟ ਸਭ ਤੋਂ ਪਹਿਲਾਂ 4 ਅਪ੍ਰੈਲ ਨੂੰ ਪਾਜ਼ੇਟਿਵ ਆਈ ਸੀ, ਦੀ ਬੇਟੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਪਾਜ਼ੇਟਿਵ ਆ ਚੁੱਕੀਆਂ ਔਰਤਾਂ ਦੇ ਇਲਾਜ ਲਈ ਸਿਹਤ ਵਿਭਾਗ ਵਲੋਂ ਤੁਰੰਤ ਇਨ੍ਹਾਂ ਨੂੰ ਬਨੂੰੜ ਸਥਿਤ ਗਿਆਨ ਸਾਗਰ ਹਸਪਤਾਲ ‘ਚ ਲਿਜਾਇਆ ਗਿਆ। ਹੁਣ ਤੱਕ ਭੇਜੇ ਗਏ 810 ਸੈਂਪਲਾਂ ‘ਚੋਂ ਉਕਤ ਰਿਪੋਰਟਾਂ ਆਈਆਂ ਹਨ। ਇਨ੍ਹਾਂ 54 ਪਾਜ਼ੇਟਿਵ ਵਿਅਕਤੀਆਂ ‘ਚੋਂ 2 ਜਣਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ 5 ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਘਰ ਪਹੁੰਚ ਚੁੱਕੇ ਹਨ ਅਤੇ ਹੁਣ ਕੁੱਲ 47 ਐਕਟਿਵ ਕੇਸ ਹਨ।

 


Share