ਪਾਰਟੀਆਂ ਵੱਲੋਂ ਲਾਏ ਲਾਅਰਿਆਂ ਦਾ ਹਿਸਾਬ ਮੰਗ ਰਹੇ ਨੇ ਪੰਜਾਬ ਦੇ ਵੋਟਰ

-ਥਾਂ-ਥਾਂ ਘੇਰ ਰਹੇ ਨੇ ਉਮੀਦਵਾਰਾਂ ਨੂੰ
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਲੋਕ ਸਭਾ ਚੋਣਾਂ ਦੀਆਂ ਪੰਜਾਬ ਦੀਆਂ 13 ਸੀਟਾਂ ਲਈ ਹੋਣ ਵਾਲੀ ਚੋਣਾਂ ‘ਚ ਹੁਣ ਕੁਝ ਦਿਨ ਹੀ ਬਾਕੀ ਰਹਿ ਗਏ ਹਨ। 19 ਮਈ ਨੂੰ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਸੁਣਾਇਆ ਜਾਵੇਗਾ। ਆਮ ਕਰਕੇ ਹੁਣ ਤੱਕ ਹੁੰਦੀਆਂ ਆ ਰਹੀਆਂ ਚੋਣਾਂ ਵਿਚ ਰਾਜਸੀ ਪਾਰਟੀਆਂ ਦੇ ਆਗੂ ਅਤੇ ਉਮੀਦਵਾਰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵੱਡੀਆਂ ਰੈਲੀਆਂ, ਜਲਸੇ, ਮੀਟਿੰਗਾਂ ਕਰਕੇ ਭਾਸ਼ਨ ਚਾੜ੍ਹਦੇ ਆਏ ਹਨ। ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਹਨ, ਅਨੇਕ ਤਰ੍ਹਾਂ ਦੇ ਲਾਰੇ ਲਾ ਕੇ ਵੋਟਾਂ ਬਟੋਰੀਆਂ ਜਾਂਦੀਆਂ ਰਹੀਆਂ ਹਨ। ਪਰ ਵਕਫਾ ਲੰਘਣ ਸਾਰ ਲਾਏ ਹੋਏ ਲਾਰੇ ਅਤੇ ਵਾਅਦੇ ਖੰਭ ਲਾ ਕੇ ਉੱਡ ਜਾਂਦੇ ਰਹੇ ਹਨ। ਫਿਰ ਪੰਜ ਸਾਲ ਆਮ ਲੋਕ ਸੱਤਾ ਉੱਤੇ ਕਾਬਜ਼ ਹੋਏ ਲੋਕਾਂ ਵੱਲ ਮਿਹਰ ਦੀ ਨਜ਼ਰ ਨਾਲ ਝਾਕਦੇ ਰਹਿੰਦੇ ਹਨ। ਪੰਜਾਂ ਸਾਲਾਂ ਬਾਅਦ ਮੁੜ ਫਿਰ ਇਹ ਲੋਕ ਪਿੰਡਾਂ ਦੀਆਂ ਸੱਥਾਂ ਤੇ ਸ਼ਹਿਰਾਂ ਦੇ ਬਾਜ਼ਾਰਾਂ ਵਿਚ ਆ ਕੇ ਉਹੀ ਰਾਗ ਅਲਾਪਦੇ ਹਨ। ਭਾਰਤ ਦੇ ਲੋਕ ਸਾਊਸ਼ੀਲ ਬਣ ਕੇ ਇਨ੍ਹਾਂ ਦੇ ਭਾਸ਼ਣਾਂ ਨੂੰ ਸੁਣਦੇ ਰਹੇ ਹਨ। ਪਰ ਐਤਕੀਂ ਲੱਗਦਾ ਹੈ ਕਿ ਲੋਕਾਂ ਨੇ ਮਨ ਬਦਲ ਲਿਆ ਹੈ। ਸੋਸ਼ਲ ਮੀਡੀਆ ਦੀ ਆਈ ਤੇਜ਼ੀ ਨੇ ਲੋਕਾਂ ਨੂੰ ਮਾਨਸਿਕ ਤੌਰ ‘ਤੇ ਬੇਹੱਦ ਚੌਕੰਨੇ ਕਰ ਦਿੱਤਾ ਹੈ। ਆਮ ਲੋਕ ਵੀ ਵੱਡੇ-ਵੱਡੇ ਆਗੂਆਂ ਨੂੰ ਸਵਾਲ ਕਰਨ ਦੀ ਹਿੰਮਤ ਜੁਟਾਉਣ ਲੱਗੇ ਹਨ। ਪੰਜਾਬ ਅੰਦਰ ਇਸ ਵੇਲੇ ਜ਼ੋਰ-ਸ਼ੋਰ ਨਾਲ ਚੱਲ ਰਹੀ ਚੋਣ ਮੁਹਿੰਮ ਵਿਚ ਜਿੱਥੇ ਰਾਜਸੀ ਪਾਰਟੀਆਂ ਦੇ ਆਗੂਆਂ ਵੱਲੋਂ ਲਾਰਿਆਂ ਅਤੇ ਵਾਅਦਿਆਂ ਦੀ ਪਹਿਲਾਂ ਵਾਂਗ ਹੀ ਧੂੜ ਅੰਬਰੀਂ ਚਾੜ੍ਹੀ ਜਾ ਰਹੀ ਹੈ, ਉਥੇ ਹੁਣ ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰਾਂ ਤੋਂ ਇਹ ਵੀ ਖ਼ਬਰਾਂ ਆਉਣ ਲੱਗੀਆਂ ਹਨ ਕਿ ਲੋਕ ਹੁਣ ਅਗਲੇ ਵਾਅਦਿਆਂ ਨੂੰ ਸੁਣਨ ਤੋਂ ਪਹਿਲਾਂ ਪਿਛਲੇ ਲਾਏ ਲਾਰਿਆਂ ਦਾ ਹਿਸਾਬ ਮੰਗਣ ਲੱਗ ਪਏ ਹਨ।
ਪਿਛਲੇ ਹਫਤੇ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਕਸਬੇ ਵਿਚ ਕਾਂਗਰਸ ਨੇ 18 ਹਲਕਿਆਂ ਦੀ ਸਾਂਝੀ ਰੈਲੀ ਕੀਤੀ ਸੀ। ਇਸ ਰੈਲੀ ਨੂੰ ਸੰਬੋਧਨ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸਨ। ਰੈਲੀ ਦੌਰਾਨ ਪੁੱਜੇ ਇਕ ਵਿਅਕਤੀ ਨੇ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਕਰ ਮਾਰਿਆ ਕਿ ਲੋਕਾਂ ਅੰਦਰ ਇਹ ਆਮ ਚਰਚਾ ਹੈ ਕਿ ਤੁਸੀਂ ਅਕਾਲੀਆਂ ਨਾਲ ਰਲੇ ਹੋਏ ਹੋ। ਕਿਰਪਾ ਕਰਕੇ ਇਸ ਬਾਰੇ ਦੱਸ ਕੇ ਜਾਉ। ਇਹ ਸਵਾਲ ਸੁਣਦਿਆਂ ਹੀ ਕਾਂਗਰਸੀਆਂ ਨੂੰ ਜਿਵੇਂ ਸੱਪ ਸੁੰਘ ਗਿਆ ਹੋਵੇ। ਇਸੇ ਤਰ੍ਹਾਂ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਜੋ ਇਸ ਵੇਲੇ ਬਠਿੰਡਾ ਹਲਕੇ ਤੋਂ ਲੋਕ ਸਭਾ ਲਈ ਉਮੀਦਵਾਰ ਹੈ, ਐਤਵਾਰ ਨੂੰ ਸਵੇਰੇ ਬਠਿੰਡਾ ਦੇ ਰੋਜ਼ ਗਾਰਡਨ ਵਿਚ ਸੈਰ ਕਰਨ ਗਏ ਲੋਕਾਂ ਨੂੰ ਮਿਲਣ ਗਏ। ਉਥੇ ਹਾਜ਼ਰ ਲੋਕਾਂ ਵਿਚੋਂ ਇਕ ਜਣੇ ਨੇ ਫਤਿਹ ਬੁਲਾ ਕੇ ਸਿੱਧਾ ਹੀ ਸਵਾਲ ਕਰ ਮਾਰਿਆ ਕਿ ਬੀਬੀ ਜੀ ਇਹ ਦੱਸ ਕੇ ਜਾਉ ਕਿ ਬੇਅਦਬੀ ਅਤੇ ਇਸ ਨਾਲ ਜੁੜੀਆਂ ਗੋਲੀਕਾਂਡ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਤੁਹਾਡੀ ਸਰਕਾਰ ਨੇ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ? ਬੀਬੀ ਬਾਦਲ ਨੇ ਜਵਾਬ ਦੇਣ ਵਿਚ ਉਲਝਣ ਦੀ ਬਜਾਏ ਉਥੋਂ ਖਿਸਕ ਜਾਣ ਵਿਚ ਹੀ ਭਲਾ ਸਮਝਿਆ। ਇਸੇ ਤਰ੍ਹਾਂ ਬਠਿੰਡਾ ਅਤੇ ਫਰੀਦਕੋਟ ਖੇਤਰ ਵਿਚ ਬਹੁਤ ਸਾਰੇ ਪਿੰਡਾਂ ਵਿਚ ਗਏ ਉਮੀਦਵਾਰਾਂ ਨੂੰ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤੇ ਜਾਣ ਦਾ ਸਾਹਮਣਾ ਕਰਨਾ ਪਿਆ। ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠੇ ਵਿਚ ਕਾਂਗਰਸ ਉਮੀਦਵਾਰ ਸ. ਕੇਵਲ ਸਿੰਘ ਢਿੱਲੋਂ ਦੇ ਪੁੱਤਰ ਕਰਨ ਸਿੰਘ ਅਤੇ ਕੁੱਝ ਹੋਰ ਕਾਂਗਰਸੀ ਆਗੂ ਜਦ ਭਾਸ਼ਣ ਦੇਣ ਲੱਗੇ, ਤਾਂ ਲੋਕਾਂ ਨੇ ਵਿਚੋਂ ਹੀ ਟੋਕ ਦਿੱਤਾ ਕਿ ਪਹਿਲਾਂ ਪਿਛਲੀ ਵਿਧਾਨ ਸਭਾ ਵੇਲੇ ਕੀਤੇ ਵਾਅਦਿਆਂ ਬਾਰੇ ਦੱਸੋ। ਬੱਸ ਇਸੇ ਗੱਲ ਤੋਂ ਲੋਕਾਂ ਨਾਲ ਖਹਿਬੜ ਪਏ ਆਗੂਆਂ ਨੂੰ ਪਿੰਡ ਦੇ ਲੋਕਾਂ ਨੇ ਕੁੱਝ ਸਮੇਂ ਲਈ ਬੰਨ੍ਹ ਕੇ ਕਮਰੇ ਵਿਚ ਬੰਦ ਕਰ ਦਿੱਤਾ। ਬਠਿੰਡਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਇਕ ਪਿੰਡ ਦੇ ਜਲਸੇ ਵਿਚ ਜਦ ਆਪਣੀ ਸਰਕਾਰ ਬਾਰੇ ਵੱਡੇ-ਵੱਡੇ ਦਾਅਵੇ ਕਰਨ ਲੱਗੇ, ਤਾਂ ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦੀ ਬੌਛਾੜ ਦਾ ਸਾਹਮਣਾ ਕਰਨਾ ਪਿਆ। ਇਥੋਂ ਤੱਕ ਕਿ ਕੁੱਝ ਲੋਕਾਂ ਨੇ ਰਾਜਾ ਵੜਿੰਗ ਉਪਰ ਉਨ੍ਹਾਂ ਦੀ ਜ਼ਮੀਨ ਉਪਰ ਨਾਜਾਇਜ਼ ਕਬਜ਼ੇ ਦਾ ਦੋਸ਼ ਵੀ ਲਗਾ ਦਿੱਤਾ ਅਤੇ ਮਾਲ ਵਿਭਾਗ ਦਾ ਰਿਕਾਰਡ ਵੀ ਉਹ ਦੁਹਰਾਉਂਦੇ ਰਹੇ। ਜਦੋਂ ਰਾਜਾ ਵੜਿੰਗ ਦੇ ਹਮਾਇਤੀਆਂ ਨੇ ਉਨ੍ਹਾਂ ਉਪਰ ਅਕਾਲੀਆਂ ਦੇ ਹਮਾਇਤੀ ਹੋਣ ਦਾ ਦੋਸ਼ ਲਾਇਆ, ਤਾਂ ਸੰਬੰਧਤ ਕਿਸਾਨਾਂ ਨੇ ਕਿਹਾ ਕਿ ਸਾਡੀ ਜ਼ਮੀਨ ਉਪਰ ਰਾਜਾ ਵੜਿੰਗ ਦਾ ਕਬਜ਼ਾ ਤਾਂ ਹੋਇਆ ਹੀ ਅਕਾਲੀਆਂ ਵੇਲੇ ਹੈ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਦੇ ਵੱਖ-ਵੱਖ ਗਰੁੱਪਾਂ ਨੇ ਆਪਣੀਆਂ ਮੰਗਾਂ ਦੇ ਚਾਰਟਰ ਲਿਖ ਕੇ ਪਿੰਡ ‘ਚ ਦਾਖਲ ਹੋਣ ਵਾਲੇ ਰਸਤਿਆਂ ਉਪਰ ਲਗਾਏ ਹਨ। ਵੱਡੇ ਬੋਰਡਾਂ ਉਪਰ ਲਗਾਏ ਇਨ੍ਹਾਂ ਚਾਰਟਰਾਂ ਵਿਚ ਰਾਜਸੀ ਪਾਰਟੀਆਂ ਤੋਂ ਕਿਸਾਨ ਮੰਗਾਂ ਬਾਰੇ ਸਵਾਲ ਪੁੱਛੇ ਗਏ ਹਨ। ਅਤੇ ਇਹ ਵੀ ਸਵਾਲ ਕੀਤਾ ਹੈ ਕਿ ਤੁਸੀਂ ਦੱਸੋ ਕਿ 70 ਸਾਲਾਂ ਬਾਅਦ ਵੀ ਕਿਸਾਨ ਅੱਜ ਖੁਦਕੁਸ਼ੀ ਲਈ ਕਿਉਂ ਮਜਬੂਰ ਹਨ। ਕਿਸਾਨ ਜਥੇਬੰਦੀਆਂ ਦੇ ਆਗੂ ਪਿੰਡਾਂ ਵਿਚ ਗਏ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਕਰਦੇ ਹਨ ਕਿ ਤੁਸੀਂ ਦੱਸੋ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਕਿਸਾਨਾਂ ਦੀਆਂ ਫਸਲਾਂ ਦਾ ਲਾਹੇਵੰਦ ਭਾਅ ਦਿਵਾਉਣ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਿਉਂ ਨਹੀਂ ਕੀਤਾ।
ਪਿਛਲੀ ਲੋਕ ਸਭਾ ਚੋਣ ਵਿਚ ਸਾਰੀ ਹੀ ਰਾਜਸੀ ਪਾਰਟੀਆਂ ਨੇ ਕਿਸਾਨਾਂ ਨੂੰ ਲਾਹੇਵੰਦ ਭਾਅ ਦਿਵਾਉਣ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਦੇ ਮੈਨੀਫੈਸਟੋ ਅੰਦਰ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ। ਕਿਸਾਨ ਅਨੇਕਾਂ ਪਿੰਡਾਂ ਵਿਚ ਇਹ ਵੀ ਲਿਖ ਕੇ ਲਾ ਰਹੇ ਹਨ ਕਿ ਪਿੰਡ ਵਿਚ ਵੜਨ ਤੋਂ ਪਹਿਲਾਂ ਸਾਡੇ ਵੱਲੋਂ ਕੀਤੇ ਸਵਾਲਾਂ ਦਾ ਜਵਾਬ ਦਿਓ। ਇਸੇ ਤਰ੍ਹਾਂ ਪਟਿਆਲਾ ਹਲਕੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪਰਨੀਤ ਕੌਰ ਚੋਣ ਲੜ ਰਹੇ ਹਨ। ਉਨ੍ਹਾਂ ਨੂੰ ਵੀ ਅਨੇਕਾਂ ਪਿੰਡਾਂ ਵਿਚ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕਿਸਾਨ ਕਰਜ਼ੇ ਮੁਆਫ ਨਾ ਕਰਨ ਅਤੇ ਨਸ਼ੇ ਦੀ ਲਾਹਨਤ ਖਤਮ ਨਾ ਕਰਨ ਦੇ ਕੀਤੇ ਵਾਅਦਿਆਂ ਉਪਰ ਘੇਰਿਆ ਜਾ ਰਿਹਾ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਵਾਰ ਰਾਜਸੀ ਪਾਰਟੀਆਂ ਨੂੰ ਲੋਕਾਂ ਵੱਲੋਂ ਘੇਰਨ ਦਾ ਨਵਾਂ ਰੁਝਾਨ ਆਰੰਭ ਹੋ ਗਿਆ ਹੈ। ਰਾਜਸੀ ਪਾਰਟੀਆਂ ਲਈ ਹੁਣ ਲੋਕ ਸੀਲ ਗਊ ਨਹੀਂ ਰਹੇ ਕਿ ਜਦ ਮਰਜ਼ੀ ਥਾਪੀ ਦੇ ਕੇ ਧਾਰ ਚੋਅ ਲਈ ਜਾਵੇ। ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕ ਪਿਛਲੇ ਕੀਤੇ ਵਾਅਦਿਆਂ ਦਾ ਹਿਸਾਬ ਮੰਗ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਵੀ ਹੁਣ ਜਾਗ੍ਰਿਤ ਹੋ ਚੁੱਕੇ ਹਨ ਅਤੇ ਉਹ ਸਮਝ ਗਏ ਹਨ ਕਿ ਰਾਜਸੀ ਪਾਰਟੀਆਂ ਦੇ ਆਗੂ ਮਹਿਜ਼ ਵੋਟਾਂ ਹਾਸਲ ਕਰਨ ਲਈ ਹੀ ਅਨੇਕ ਤਰ੍ਹਾਂ ਦੇ ਝੂਠੇ ਵਾਅਦੇ ਉਨ੍ਹਾਂ ਨਾਲ ਕਰਦੇ ਹਨ। ਆਮ ਕਰਕੇ ਦੇਖਿਆ ਜਾਂਦਾ ਹੈ ਕਿ ਚੋਣ ਵਾਲੇ ਦਿਨਾਂ ਵਿਚ ਰਾਜਸੀ ਪਾਰਟੀਆਂ ਦਰਮਿਆਨ ਵੱਧ ਤੋਂ ਵੱਧ ਲਾਰੇ ਅਤੇ ਵਾਅਦੇ ਕਰਨ ਦੀ ਇਕ ਹੋੜ ਜਿਹੀ ਲੱਗ ਜਾਂਦੀ ਹੈ। ਕਿਉਂਕਿ ਸਾਰੇ ਹੀ ਆਗੂਆਂ ਨੂੰ ਪਤਾ ਹੁੰਦਾ ਹੈ ਕਿ ਇਸ ਹੋੜ ਵਿਚ ਵੱਧ ਤੋਂ ਵੱਧ ਜੋ ਬੋਲਿਆ ਜਾ ਸਕਦਾ ਹੈ, ਬੋਲੀ ਜਾਓ, ਇਸ ਦੀ ਕਿਹੜਾ ਮੁੜ ਕੇ ਕਿਸੇ ਨੇ ਪੁੱਛ-ਪੜਤਾਲ ਕਰਨੀ ਹੈ। ਇਸ ਕਰਕੇ ਰਾਜਸੀ ਪਾਰਟੀਆਂ ਦੇ ਆਗੂ ਸ਼ਰੇਆਮ ਝੂਠ ਬੋਲ ਕੇ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕਰਦੇ ਰਹਿੰਦੇ ਹਨ। ਪਰ ਸੰਚਾਰ ਸਾਧਨਾਂ ਅਤੇ ਸਿੱਖਿਆ ਦੇ ਨਵੇਂ ਦੌਰ ਵਿਚ ਭਾਰਤ ਅਤੇ ਖਾਸਕਰ ਪੰਜਾਬ ਦੇ ਲੋਕ ਜਾਗ੍ਰਿਤ ਹੋਏ ਹਨ। ਉਨ੍ਹਾਂ ਵਿਚ ਰਾਜਸੀ ਆਗੂਆਂ ਤੋਂ ਅੱਖ ਵਿਚ ਅੱਖ ਪਾ ਕੇ ਸਵਾਲ ਪੁੱਛਣ ਦੀ ਹਿੰਮਤ ਪੈਦਾ ਹੋ ਗਈ ਹੈ। ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਹਲਕੇ ਵਿਚ ਕੁੱਝ ਨੌਜਵਾਨ ਜਦੋਂ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੂੰ ਰੁਜ਼ਗਾਰ ਨਾ ਮਿਲਣ ਬਾਰੇ ਸਵਾਲ ਕਰਨ ਲੱਗੇ, ਤਾਂ ਗੁੱਸੇ ਵਿਚ ਆਈ ਭੱਠਲ ਨੇ ਰੁਜ਼ਗਾਰ ਦੀ ਥਾਂ ਉਨ੍ਹਾਂ ਦੇ ਮੂੰਹ ਉਪਰ ਥੱਪੜ ਜੜ੍ਹ ਦਿੱਤਾ। ਲੋਕਾਂ ਦੇ ਸਵਾਲਾਂ ਦਾ ਠਰੰਮੇ ਨਾਲ ਜਵਾਬ ਦੇਣ ਅਤੇ ਲੋਕਾਂ ਦੀ ਸਹਿਜ ਭਾਵ ਨਾਲ ਗੱਲ ਸੁਣਨ ਦੀ ਸਾਡੇ ਆਗੂਆਂ ਨੂੰ ਅਜੇ ਨਾ ਤਾਂ ਤਮੀਜ਼ ਹੀ ਹੈ, ਅਤੇ ਨਾ ਹੀ ਸਬਰ-ਸੰਤੋਖ। ਹੁਣ ਤੱਕ ਇਹ ਆਗੂ ਇਕ ਪਾਸੜ ਤੌਰ ‘ਤੇ ਲੋਕਾਂ ਦੇ ਸਿਰਾਂ ਉਪਰ ਆਪਣੇ ਭਾਸ਼ਨ ਹੀ ਲੱਦਦੇ ਆਏ ਹਨ। ਪਰ ਇਹ ਪਹਿਲੀ ਵਾਰ ਹੈ ਕਿ ਲੋਕ ਉਨ੍ਹਾਂ ਦੇ ਭਾਸ਼ਨ ਸੁਣਨ ਦੀ ਬਜਾਏ, ਜਵਾਬ ਮੰਗਣ ਲੱਗੇ ਹਨ। ਇਸੇ ਕਾਰਨ ਆਗੂਆਂ ਨੂੰ ਗੁੱਸਾ ਵੀ ਆਉਂਦਾ ਹੈ ਅਤੇ ਉਹ ਭੜਕਾਹਟ ਵਿਚ ਆ ਕੇ ਥੱਪੜ ਮਾਰਨ ਜਾਂ ਲੜਾਈ-ਝਗੜਾ ਕਰਨ ਤੱਕ ਵੀ ਚਲੇ ਜਾਂਦੇ ਹਨ। ਪਰ ਇਹ ਸਵਾਗਤਯੋਗ ਰੁਝਾਨ ਹੈ ਕਿ ਲੋਕ ਹੁਣ ਸਵਾਲ ਕਰਨ ਲੱਗੇ ਹਨ ਅਤੇ ਰਾਜਸੀ ਆਗੂਆਂ ਉਪਰ ਅੰਨ੍ਹੇ ਭਰੋਸੇ ਦੀ ਥਾਂ ਉਨ੍ਹਾਂ ਨੂੰ ਜਵਾਬਦੇਹ ਬਣਾਉਣ ਲਈ ਗੱਲਾਂ ਕਰਨ ਲੱਗੇ ਹਨ। ਲਗਭਗ ਸਾਰੇ ਪੰਜਾਬ ਵਿਚ ਹੀ ਲੋਕਾਂ ਵੱਲੋਂ ਆਗੂਆਂ ਨੂੰ ਸਵਾਲ ਕਰਨ ਦੀ ਸ਼ੁਰੂ ਹੋਈ ਮੁਹਿੰਮ ਦਾ ਇਨ੍ਹਾਂ ਚੋਣਾਂ ਵਿਚ ਅਸਰ ਪਿਆ ਵੀ ਨਜ਼ਰ ਆਉਂਦਾ ਹੈ। ਬਹੁਤ ਸਾਰੇ ਆਗੂ ਲੋਕਾਂ ਦੇ ਰੌਂਅ ਨੂੰ ਸਮਝਣ ਵੀ ਲੱਗੇ ਹਨ ਅਤੇ ਆਪਣੇ ਤੱਤੇ ਤੇਵਰ ਬਦਲ ਕੇ ਠੰਡੇ ਮਿਜਾਜ਼ ਨਾਲ ਜਵਾਬ ਵੀ ਦੇਣ ਲੱਗੇ ਹਨ। ਲੋਕਾਂ ਵਿਚ ਜਾਗਿਆ ਇਹ ਨਵਾਂ ਰੁਝਾਨ ਪੰਜਾਬ ਦੀ ਰਾਜਨੀਤੀ, ਖਾਸਕਰ ਵੋਟ ਰਾਜਨੀਤੀ ਵਿਚ ਜਵਾਬਦੇਹੀ ਵੱਲ ਵੱਧਦਾ ਇਕ ਨਿਰੋਆ ਕਦਮ ਹੈ। ਇਸ ਕਦਮ ਨੂੰ ਹੋਰ ਮਜ਼ਬੂਤੀ ਲਈ ਹਰ ਇਕ ਨੂੰ ਹਿੱਸਾ ਪਾਉਣਾ ਚਾਹੀਦਾ ਹੈ।