ਪਾਬੰਦੀ ਦੇ ਬਾਵਜੂਦ ਵਿਕ ਰਹੀਆਂ ਸਿੱਖ ਗੁਰੂਆਂ ਦੀਆਂ ਮੂਰਤੀਆਂ

ਸ਼੍ਰੋਮਣੀ ਕਮੇਟੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਰਵਾਈ ਲਈ ਭੇਜੇਗੀ ਪੱਤਰ; ਸਿੱਖ ਪਰਿਵਾਰ ਵੀ ਖਰੀਦ ਰਹੇ ਹਨ ਮੂਰਤੀਆਂ
ਅੰਮ੍ਰਿਤਸਰ, 11 ਜਨਵਰੀ (ਪੰਜਾਬ ਮੇਲ)- ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸਿੱਖ ਗੁਰੂਆਂ ਦੀਆਂ ਮੂਰਤੀਆਂ ਬਣਾਉਣ ਅਤੇ ਵੇਚਣ ’ਤੇ ਰੋਕ ਲਾਉਣ ਦੀ ਹਦਾੲਿਤ ਦੇ ਬਾਵਜੂਦ ਇੱਥੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਮੂਰਤੀਆਂ ਦੀ ਵਿਕਰੀ ਨਿਰੰਤਰ ਜਾਰੀ ਹੈ।
ਇੱਥੇ ਬਾਜ਼ਾਰ ਵਿੱਚ ਤੋਹਫ਼ੇ ਵੇਚਣ ਵਾਲੀਆਂ ਦੁਕਾਨਾਂ ’ਤੇ ਸਿੱਖ ਗੁਰੂਆਂ ਦੀਆਂ ਮੂਰਤੀਆਂ ਆਮ ਦੇਖੀਅਾਂ ਜਾ ਸਕਦੀਅਾਂ ਹਨ। ਇਨ੍ਹਾਂ ਦੁਕਾਨਾਂ ਤੋਂ ਹੋਰ ਧਰਮਾਂ ਦੇ ਪੀਰ ਪੈਗੰਬਰਾਂ ਤੇ ਦੇਵਤਿਆਂ ਦੀਆਂ ਮੂਰਤੀਆਂ ਵੀ ਮਿਲਦੀਆਂ ਹਨ। ਸਿੱਖ ਗੁਰੂਆਂ ਦੀਆਂ ਮੂਰਤੀਆਂ 50 ਤੋਂ 1500 ਰੁਪਏ ਤੱਕ ਖਰੀਦੀਆਂ ਜਾ ਸਕਦੀਆਂ ਹਨ। ਇਹ ਮੂਰਤੀਆਂ ਸੰਗਮਰਮਰ, ਮਿੱਟੀ, ਤਾਂਬਾ, ਪਿੱਤਲ, ਸੋਨੇ ਰੰਗੀਆਂ ਤੇ ਲੱਕੜ ਆਦਿ ਦੀਆਂ ਬਣੀਆਂ ਹੋਈਆਂ ਹਨ। ਸ਼ੁਰੂ ਵਿੱਚ ਇਹ ਮੂਰਤੀਆਂ ਚੀਨ ਤੋਂ ਬਣ ਕੇ ਆੳੁਂਦੀਅਾਂ ਸਨ ਪਰ ਹੁਣ ਮੁੰਬਈ, ਮੇਰਠ, ਰਾਜਸਥਾਨ ਤੇ ਹੋਰ ਥਾਵਾਂ ’ਤੇ ਵੀ ਬਣਦੀਆਂ ਹਨ, ਜੋ ਵਿਕਰੀ ਲਈ ਇੱਥੇ ਪੁੱਜਦੀਆਂ ਹਨ। ਇਨ੍ਹਾਂ ਮੂਰਤੀਆਂ ਵਿੱਚ ਵਧੇਰੇ ਗੁਰੂ ਨਾਨਕ ਦੇਵ ਜੀ ਦੀਆਂ ਹਨ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ, ਬਾਬਾ ਦੀਪ ਸਿੰਘ ਤੇ ਹੋਰਾਂ ਦੀਆਂ ਮੂਰਤੀਆਂ ਵੀ ਸ਼ਾਮਲ ਹਨ, ਜੋ ਸਿੱਖ ਘਰਾਂ ਦਾ ਸ਼ਿੰਗਾਰ ਬਣ ਰਹੀਆਂ ਹਨ। ਸਿੱਖ ਪਰਿਵਾਰਾਂ ਵੱਲੋਂ ਵੀ ਘਰਾਂ ਵਿੱਚ ਇਹ ਮੂਰਤੀਆਂ ਰੱਖ ਕੇ ਪੂਜਾ ਪਾਠ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਹਦਾਇਤ ਕੀਤੀ ਗਈ ਸੀ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਵਰਜਿਤ ਹੈ, ਇਸ ਲਈ ਕੋਈ ਵੀ ਸਿੱਖ ਮੂਰਤੀਆਂ ਨਾ ਖਰੀਦੇ ਅਤੇ ਨਾ ਕਿਸੇ ਨੂੰ ਤੋਹਫ਼ੇ ਵਜੋਂ ਦੇਵੇ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਸਬੰਧੀ ਕਾਰਵਾਈ ਲਈ ਆਖਿਆ ਸੀ। ਇਹ ਕਾਰਵਾਈ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪੁੱਜੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਗਈ ਸੀ। ਇਸ ਤੋਂ ਇਲਾਵਾ ਨਵੰਬਰ ਮਹੀਨੇ ਵਿੱਚ ਹਰਿਆਣਾ ਦੇ ਅੰਬਾਲਾ ਸਥਿਤ ਇਕ ਗੁਰਦੁਆਰੇ ਵਿੱਚ ਸਿੱਖ ਭਾਈਚਾਰੇ ਦੇ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਸੀ। ਇਸ ਮਾਮਲੇ ਦੀ ਸੋਸ਼ਲ ਨੈੱਟਵਰਕਿੰਗ ਸਾੲੀਟਾਂ ’ਤੇ ਕਰੜੀ ਨੁਕਤਾਚੀਨੀ ਹੋੲੀ ਸੀ। ਇਹ ਮਾਮਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਸ ਦੇ ਆਧਾਰ ’ਤੇ ਉਨ੍ਹਾਂ ਸਿੱਖ ਸੰਗਤ ਨੂੰ ਹਦਾਇਤ ਜਾਰੀ ਕੀਤੀ ਸੀ।
ਪ੍ਰਚਾਰ ਕਮੇਟੀ ਵੱਲੋਂ ਕਾਰਵਾਈ ਦਾ ਭਰੋਸਾ
ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੇ ਆਖਿਆ ਕਿ ਉਹ ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਭੇਜ ਕੇ ਅਪੀਲ ਕਰਨਗੇ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਜਾਰੀ ਹਦਾਇਤ ’ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਦੀ ਕੋਈ ਥਾਂ ਨਹੀਂ ਹੈ ਅਤੇ ਸਿੱਖਾਂ ਨੂੰ ਸ਼ਬਦ ਗੁਰੂ ਨੂੰ ਮਾਨਤਾ ਦੇਣ ਦਾ ਆਦੇਸ਼ ਹੈ। ਉਨ੍ਹਾਂ ਆਖਿਆ ਕਿ ਇਹ ਵੀ ਪਤਾ ਲਾਇਆ ਜਾਵੇਗਾ ਕਿ ਇਹ ਮੂਰਤੀਆਂ ਕਿੱਥੇ ਬਣਦੀਆਂ ਤੇ ਕਿੱਥੇ ਵਿਕਦੀਆਂ ਹਨ।
There are no comments at the moment, do you want to add one?
Write a comment