ਪਾਕਿ ਸੈਨੇਟ ਵੱਲੋਂ ਹਿੰਦੂ ਵਿਆਹ ਬਿੱਲ ਸਰਬਸੰਮਤੀ ਨਾਲ ਪਾਸ

ਇਸਲਾਮਾਬਾਦ, 22 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ‘ਚ ਘੱਟ ਗਿਣਤੀ ਹਿੰਦੂਆਂ ਲਈ ਵਿਆਹਾਂ ਨੂੰ ਰਜਿਸਟਰ ਕਰਾਉਣ ਲਈ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਇਤਿਹਾਸਕ ਬਿੱਲ ਨੂੰ ਸੈਨੇਟ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਹਿੰਦੂ ਵਿਆਹ ਬਿੱਲ 2017, ਜੋ ਹਿੰਦੂ ਭਾਈਚਾਰੇ ਦਾ ਪਹਿਲਾ ਵਿਸਥਾਰਤ ਪਰਸਨਲ ਲਾਅ ਹੈ, ਨੂੰ ਸੈਨੇਟ ਨੇ ਪਾਸ ਕੀਤਾ। ਇਹ ਬਿੱਲ ਪਾਕਿਸਤਾਨ ‘ਚ ਰਹਿ ਰਹੇ ਹਿੰਦੂਆਂ ਵੱਲੋਂ ਵੱਡੇ ਪੱਧਰ ‘ਤੇ ਮਨਜ਼ੂਰ ਕੀਤਾ ਗਿਆ ਹੈ ਕਿਉਂਕਿ ਇਹ ਵਿਆਹ, ਵਿਆਹ ਦੀ ਰਜਿਸਟਰੇਸ਼ਨ, ਵੱਖ ਹੋਣ ਅਤੇ ਮੁੜ ਵਿਆਹ ਨਾਲ ਸਬੰਧਤ ਹੈ। ਇਸ ਵਿਚ ਮੁੰਡੇ ਤੇ ਕੁੜੀ ਲਈ ਵਿਆਹ ਦੀ ਘੱਟ ਤੋਂ ਘੱਟ ਉਮਰ 18 ਸਾਲ ਨਿਰਧਾਰਤ ਕੀਤੀ ਗਈ ਹੈ। ਇਹ ਬਿੱਲ ਹਿੰਦੂ ਔਰਤਾਂ ਨੂੰ ਆਪਣੇ ਵਿਆਹ ਦਾ ਦਸਤਾਵੇਜ਼ੀ ਸਬੂਤ ਹਾਸਲ ਕਰਨ ਵਿਚ ਮਦਦ ਕਰੇਗਾ। ਇਹ ਕਾਨੂੰਨ ਪੰਜਾਬ, ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖ਼ਵਾ ਸੂਬਿਆਂ ਵਿਚ ਲਾਗੂ ਹੋਵੇਗਾ। ਜ਼ਿਕਰਯੋਗ ਹੈ ਕਿ ਸੂਬਾ ਸਿੰਧ ਨੇ ਪਹਿਲਾਂ ਹੀ ਆਪਣਾ ਹਿੰਦੂ ਵਿਆਹ ਕਾਨੂੰਨ ਤਿਆਰ ਕਰ ਲਿਆ ਹੈ। ਇਸ ਕਾਨੂੰਨ ਨਾਲ ‘ਸ਼ਾਦੀ ਪ੍ਰਥਾ’ ਦਸਤਾਵੇਜ਼, ਜੋ ਮੁਸਲਮਾਨਾਂ ਦੇ ‘ਨਿਕਾਹਨਾਮਾ’ ਵਾਂਗ ਹੋਵੇਗਾ, ਲਈ ਰਾਹ ਪੱਧਰ ਕਰ ਦਿੱਤਾ ਹੈ। ਇਸ ‘ਤੇ ਪੰਡਿਤ ਦੇ ਹਸਤਾਖ਼ਰ ਹੋਣਗੇ ਅਤੇ ਸਬੰਧਤ ਸਰਕਾਰੀ ਵਿਭਾਗ ਵਿਚ ਰਜਿਸਟਰਡ ਹੋਵੇਗਾ। ਸੈਨੇਟ ਵਿਚ ਕਾਨੂੰਨ ਮੰਤਰੀ ਜ਼ਾਹਿਦ ਹਮੀਦ ਨੇ ਇਹ ਬਿੱਲ ਪੇਸ਼ ਕੀਤਾ, ਜਿਸ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ। ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਹਿੰਦੂ ਕਾਨੂੰਨਸਾਜ਼ ਰਮੇਸ਼ ਕੁਮਾਰ ਵਾਂਕਵਾਨੀ ਨੇ ਕਿਹਾ ਕਿ ਕਾਨੂੰਨ ਦੀ ਅਣਹੋਂਦ ਕਾਰਨ ਵਿਆਹੀਆਂ ਹੋਈਆਂ ਹਿੰਦੂ ਔਰਤਾਂ ਨੂੰ ਆਪਣੇ ਵਿਆਹ ਬਾਰੇ ਸਬੂਤ ਦੇਣਾ ਔਖਾ ਸੀ, ਜੋ ਸ਼ਰਾਰਤੀ ਅਨਸਰਾਂ ਹੱਥ ਧਰਮ ਪਰਿਵਰਤਨ ਦਾ ਅਹਿਮ ਹਥਿਆਰ ਸੀ।
There are no comments at the moment, do you want to add one?
Write a comment