ਪਾਕਿ ਦੇ ਮੋਹਰੇ ਦੇ ਤੌਰ ‘ਤੇ ਕੰਮ ਕਰ ਰਿਹਾ ਸੀ ਸਾਬਕਾ ਡੀ.ਐੱਸ.ਪੀ. ਦਵਿੰਦਰ ਸਿੰਘ: ਐੱਨ.ਆਈ.ਏ. ਵੱਲੋਂ ਖੁਲਾਸਾ

193
Share

ਜੰਮੂ, 31 ਅਗਸਤ (ਪੰਜਾਬ ਮੇਲ)- ਜੰਮੂ-ਕਸ਼ਮੀਰ ਪੁਲਿਸ ਦਾ ਸਸਪੈਂਡ ਡੀ.ਐੱਸ.ਪੀ. ਦਵਿੰਦਰ ਸਿੰਘ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੱਡਾ ਖ਼ੁਲਾਸਾ ਕੀਤਾ ਹੈ। ਏਜੰਸੀ ਮੁਤਾਬਕ ਦਵਿੰਦਰ ਸਿੰਘ ਪਾਕਿਸਤਾਨ ਦੇ ਮੋਹਰੇ ਦੇ ਤੌਰ ‘ਤੇ ਕੰਮ ਕਰ ਰਿਹਾ ਸੀ। ਪਾਕਿਸਤਾਨ ਦਵਿੰਦਰ ਜ਼ਰੀਏ ਵਿਦੇਸ਼ ਮੰਤਰਾਲਾ ਵਿਚ ਸੇਂਧ ਲਾਉਣ ਦੀ ਫਿਰਾਕ ‘ਚ ਸੀ। ਐੱਨ.ਆਈ.ਏ. ਨੇ ਚਾਰਜਸ਼ੀਟ ਵਿਚ ਉਸ ਦਾ ਪੂਰਾ ਕਾਲਾ ਚਿੱਠਾ ਖੋਲ੍ਹਿਆ ਗਿਆ ਹੈ। ਲੱਗਭਗ 3,000 ਤੋਂ ਵੱਧ ਪੰਨਿਆਂ ਵਾਲੀ ਚਾਰਜਸ਼ੀਟ ‘ਚ ਐੱਨ.ਆਈ.ਏ. ਨੇ ਦਵਿੰਦਰ ਸਿੰਘ ਦੇ ਪਾਕਿਸਤਾਨ ਨਾਲ ਕੁਨੈਕਸ਼ਨ ਹੋਣ ਦੀ ਪੁਸ਼ਟੀ ਕੀਤੀ ਹੈ। ਏਜੰਸੀ ਮੁਤਾਬਕ ਦਵਿੰਦਰ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਸੀ ਅਤੇ ਉਨ੍ਹਾਂ ਨੂੰ ਲਗਾਤਾਰ ਖ਼ੁਫੀਆ ਜਾਣਕਾਰੀਆਂ ਉਪਲੱਬਧ ਕਰਵਾਉਂਦਾ ਸੀ। ਉਸ ਦੇ ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਉਹ ਪਾਕਿਸਤਾਨੀ ਖ਼ੁਫੀਆ ਏਜੰਸੀ ਲਈ ਜਾਸੂਸੀ ਵੀ ਕਰ ਰਿਹਾ ਸੀ। ਇਸ ਤੋਂ ਇਲਾਵਾ ਉਸ ਦੇ ਅੱਤਵਾਦੀਆਂ ਨੂੰ ਸ਼ਰਨ ਦੇਣ ਦੀ ਵੀ ਪੁਸ਼ਟੀ ਹੋਈ ਹੈ।
ਏਜੰਸੀ ਮੁਤਾਬਕ ਪਾਕਿਸਤਾਨ ਹਾਈ ਕਮਿਸ਼ਨ ਵਿਚ ਆਪਣੇ ਹੈਂਡਲਰ ਦਾ ਮੋਬਾਇਲ ਨੰਬਰ ਉਸ ਨੇ ‘ਪਾਕਿ ਭਾਈ’ ਦੇ ਨਾਂ ਤੋਂ ਸੇਵ ਕੀਤਾ ਹੋਇਆ ਸੀ। ਇਹ ਹੀ ਹੈਂਡਲਰ ਉਸ ਤੋਂ ਸੁਰੱਖਿਆ ਦਸਤਿਆਂ ਦੀ ਆਵਾਜਾਈ ਅਤੇ ਵੀ.ਆਈ.ਪੀ. ਦੌਰਿਆਂ ਬਾਰੇ ਲਗਾਤਾਰ ਜਾਣਕਾਰੀਆਂ ਮੰਗਿਆ ਕਰਦਾ ਸੀ। ਉਸ ਦੀਆਂ ਜਾਣਕਾਰੀਆਂ ਤੋਂ ਖੁਸ਼ ਹੋ ਕੇ ਉਸ ਦੇ ਸੰਪਰਕਾਂ ਨੇ ਉਸ ਨੂੰ ਵਿਦੇਸ਼ ਮੰਤਰਾਲਾ ਵਿਚ ਸੇਂਧ ਲਾਉਣ ਲਈ ਸੰਪਰਕ ਵਧਾਉਣ ਲਈ ਟਾਸਕ ਸੌਂਪਿਆ ਸੀ। ਚਾਰਜਸ਼ੀਟ ਮੁਤਾਬਕ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਕਸ਼ਮੀਰ ‘ਚ ਹਿੰਸਾ ਭੜਕਾਉਣ ਅਤੇ ਸੈਮੀਨਾਰ ਜ਼ਰੀਏ ਲੋਕਾਂ ਉਕਸਾਉਣ ਲਈ ਪੈਸਾ ਦਿੰਦਾ ਸੀ। ਇਸ ਤੋਂ ਇਲਾਵਾ ਅੱਤਵਾਦੀਆਂ ਨੂੰ ਵੀ ਸ਼ਹਿ ਦਿੱਤੀ ਜਾਂਦੀ ਸੀ।
ਰਾਸ਼ਟਰੀ ਜਾਂਚ ਏਜੰਸੀ ਦੀ ਚਾਰਜਸ਼ੀਟ ‘ਚ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਸਈਦ ਨਵੀਦ ਮੁਸ਼ਤਾਕ, ਗੰਦੇਰਬਲ ਦੇ ਅੱਤਵਾਦੀ ਰਫੀ ਅਹਿਮਦ ਰਾਥਰ, ਅੱਤਵਾਦੀ ਨਵੀਦ ਦੇ ਭਰਾ ਇਰਫਾਨ ਅਹਿਮਦ ਅਤੇ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਆਰ-ਪਾਰ ਵਪਾਰ ਕਰਨ ਵਾਲੇ ਤਨਵੀਰ ਅਹਿਮਦ ਵਾਨੀ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਏਜੰਸੀ ਨੇ ਦੋਸ਼ੀ ਬਣਾਇਆ ਹੈ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦਾ ਸਾਬਕਾ ਡੀ.ਐੱਸ.ਪੀ. ਦਵਿੰਦਰ ਸਿੰਘ ਨੂੰ ਇਸੇ ਸਾਲ ਜਨਵਰੀ ਮਹੀਨੇ ਸ਼੍ਰੀਨਗਰ-ਜੰਮੂ ਹਾਈਵੇਅ ‘ਤੇ ਕਾਜੀਗੁੰਡ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਉਨ੍ਹਾਂ ਨੂੰ ਇਕ ਕਾਰ ‘ਚੋਂ ਗ੍ਰਿਫ਼ਤਾਰ ਕੀਤਾ ਸੀ, ਦਵਿੰਦਰ ਨਾਲ ਹਿਜਬੁਲ ਮੁਜਾਹਿਦੀਨ ਦੇ ਖੂੰਖਾਰ ਅੱਤਵਾਦੀ ਸਈਦ ਨਵੀਦ ਮੁਸ਼ਤਾਕ ਉਰਫ ਨਵੀਦ ਬਾਬੂ ਅਤੇ ਹੋਰ ਅੱਤਵਾਦੀਆਂ ਰਫੀ ਅਹਿਮਦ ਰਾਥਰ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੱਸ ਦੇਈਏ ਕਿ ਦਵਿੰਦਰ ਸਿੰਘ ਸ਼੍ਰੀਨਗਰ ਵਿਚ ਪੁਲਿਸ ਦੀ ਐਂਟੀ ਹਾਈਜੈਕਿੰਗ ਵਿੰਗ ਵਿਚ ਤਾਇਨਾਤ ਸੀ। ਗ੍ਰਿਫ਼ਤਾਰੀ ਮਗਰੋਂ ਦਵਿੰਦਰ ਨੂੰ ਡੀ.ਐੱਸ.ਪੀ. ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਕਰ ਰਹੀ ਹੈ।


Share