ਲਾਹੌਰ ਤੋਂ ਕਰਾਚੀ ਜਾ ਰਿਹਾ ਪੀ.ਆਈ.ਏ. ਦਾ ਜਹਾਜ਼ ਹੋਇਆ ਕਰੈਸ਼; ਜਹਾਜ਼ ‘ਚ ਕੁੱਲ 107 ਲੋਕ ਸੀ ਸਵਾਰ

33
Share

ਇਸਲਾਮਾਬਾਦ, 22 ਮਈ (ਪੰਜਾਬ ਮੇਲ)-ਪਾਕਿਸਤਾਨ ‘ਚ ਅੱਜ ਲਾਹੌਰ ਤੋਂ ਕਰਾਚੀ ਜਾ ਰਿਹਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦਾ  ਜਹਾਜ਼ ਕਰੈਸ਼ ਹੋ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਪਾਕਿਸਤਾਨੀ ਮੀਡੀਆ ਮੁ੍ਤਾਬਕ ਇਹ ਹਾਦਸਾ ਕਰਾਚੀ ਹਵਾਈ ਅੱਡੇ ਦੇ ਨੇੜੇ ਵਾਪਰਿਆ। ਹਾਦਸਾ ਕਰਾਚੀ ਵਿਚ ਲੈਂਡਿੰਗ ਤੋਂ ਠੀਕ ਪਹਿਲਾਂ ਵਾਪਰਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜਹਾਜ਼ ਵਿਚ 99 ਯਾਤਰੀ ਅਤੇ ਚਾਲਕ ਦਲ ਦੇ 8 ਲੋਕਾਂ ਸਮੇਤ ਕੁੱਲ 107 ਲੋਕ ਸਵਾਰ ਸਨ। ਜਹਾਜ਼ ਰਿਹਾਇਸ਼ੀ ਇਲਾਕੇ ਵਿਚ ਡਿੱਗਿਆ।
ਪੀ.ਆਈ.ਏ. ਦੇ ਬੁਲਾਰੇ ਅਬਦੁੱਲ ਸੱਤਾਰ ਨੇ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਫਲਾਈਟ ਏ-320 90 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਜਹਾਜ਼ ਲਾਹੌਰ ਤੋਂ ਕਰਾਚੀ ਜਾ ਰਿਹਾ ਸੀ ਅਤੇ ਮਾਲਿਰ ਵਿਚ ਮਾਡਲ ਕਾਲੋਨੀ ਨੇੜੇ ਜਿੰਨਾ ਗਾਰਡਨ ਇਲਾਕੇ ਵਿਚ ਕਰੈਸ਼ ਹੋ ਗਿਆ। ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਘਟਨਾ ਸਥਾਨ ਤੋਂ ਧੂੰਏਂ ਦੇ ਗੁਬਾਰ ਉੱਠਦੇ ਦਿਖਾਈ ਦੇ ਰਹੇ ਹਨ।
ਐਂਬੂਲੈਂਸ ਅਤੇ ਅਧਿਕਾਰੀ ਘਟਨਾਸਥਲ ‘ਤੇ ਪਹੁੰਚ ਗਏ ਹਨ। ਪਾਕਿਸਤਾਨੀ ਮੀਡੀਆ ਮੁਤਾਬਕ ਜਹਾਜ਼ ਦੇ ਉਤਰਨ ਤੋਂ ਇਕ ਮਿੰਟ ਪਹਿਲਾਂ ਉਸ ਦਾ ਸੰਪਰਕ ਟੁੱਟ ਗਿਆ ਸੀ। ਇਹਨਾਂ ਵਿਚੋਂ 93 ਇਕੋਨੋਮੀ ਅਤੇ 6 ਬਿਜ਼ਨੈੱਸ ਕਲਾਸ ਵਿਚ ਸਫਰ ਕਰ ਰਹੇ ਸਨ।
ਪਾਕਿਸਤਾਨ ਦੇ ਸਿਹਤ ਮੰਤਰੀ ਨੇ ਕਰਾਚੀ ਦੇ ਸਾਰੇ ਵੱਡੇ ਹਸਪਤਾਲਾਂ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਜਹਾਜ਼ ਜਿਹੜੇ ਇਲਾਕੇ ਵਿਚ ਕਰੈਸ਼ ਹੋਇਆ ਉੱਥੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਸ ਹਾਦਸੇ ਦੇ ਕੁਝ ਵੀਡੀਓਜ਼ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਹਨਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ। ਭਾਵੇਂਕਿ ਪਾਕਿਸਤਾਨੀ ਸਰਕਾਰ ਵੱਲੋਂ ਹਾਲੇ ਤੱਕ ਹਾਦਸੇ ਸੰਬੰਧੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ 10 ਤੋਂ 12 ਸਾਲ ਪੁਰਾਣਾ ਸੀ।


Share