ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਦੇ ਪੰਜ ਸਾਥੀਆਂ ਨੂੰ 9-9 ਸਾਲ ਦੀ ਕੈਦ

59
Share

ਲਾਹੌਰ, 5 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਵੱਲੋਂ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾ ਹਾਫ਼ਿਜ਼ ਸਈਦ ਦੀ ਜਥੇਬੰਦੀ ਜਮਾਤ-ਉਦ-ਦਾਵਾ (ਜੇਯੂਡੀ) ਦੇ ਪੰਜ ਆਗੂਆਂ ਨੂੰ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੀਆਂ ਅੱਤਵਾਦੀ ਗਤੀਵਿਧੀਆਂ ਲਈ ਪੈਸੇ ਇਕੱਠੇ ਕਰਨ ਦਾ ਦੋਸ਼ੀ ਕਰਾਰ ਦਿੰਦਿਆਂ 9-9 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਵਿਚੋਂ ਤਿੰਨ ਉਮਰ ਬਹਾਦਰ, ਨਸਰੁੱਲਾ ਤੇ ਸਮੀਉੱਲਾ ਨੂੰ ਪਹਿਲੀ ਵਾਰ ਸਜ਼ਾ ਸੁਣਾਈ ਗਈ ਹੈ। ਅੱਤਵਾਦ ਵਿਰੋਧੀ ਅਦਾਲਤ ਵੱਲੋਂ ਇਹ ਸਜ਼ਾ ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਦੇ ਅੱਤਵਾਦ ਵਿਰੋਧੀ ਵਿਭਾਗ ਵੱਲੋਂ ਅੱਤਵਾਦੀ ਗਤੀਵਿਧੀਆਂ ਲਈ ਧਨ ਇਕੱਤਰ ਕਰਨ ਦੇ ਮਾਮਲੇ ’ਚ ਦਰਜ ਕੀਤੇ ਗਏ ਕੇਸਾਂ ਦੇ ਸਬੰਧ ’ਚ ਸੁਣਾਈ ਗਈ ਹੈ। ਬਾਕੀ ਦੋ ਦੋਸ਼ੀਆਂ ਜੇ.ਯੂ.ਡੀ. ਦੇ ਬੁਲਾਰੇ ਯਾਹੀਆ ਮੁਜਾਹਿਦ ਤੇ ਸੀਨੀਅਰ ਆਗੂ ਪ੍ਰੋ. ਜ਼ਫ਼ਰ ਇਕਬਾਲ ਨੂੰ ਪਹਿਲਾਂ ਵੀ ਅੱਤਵਾਦੀ ਗਤੀਵਿਧੀਆਂ ਲਈ ਧਨ ਇਕੱਤਰ ਕਰਨ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ ਸੀ।
ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਐਜਾਜ਼ ਅਹਿਮਦ ਬੁੱਟਰ ਨੇ ਬੀਤੇ ਦਿਨੀਂ ਪੰਜੋਂ ਦੋਸ਼ੀਆਂ ਨੂੰ ਨੌਂ-ਨੌਂ ਸਾਲ ਦੀ ਸਜ਼ਾ ਸੁਣਾਈ। ਅਦਾਲਤ ਨੇ ਇਸੇ ਮਾਮਲੇ ’ਚ ਸਈਦ ਦੇ ਰਿਸ਼ਤੇਦਾਰ ਹਾਫ਼ਿਜ਼ ਅਬਦੁਲ ਰਹਿਮਾਨ ਮੱਕੀ ਨੂੰ ਵੀ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਜੇ.ਯੂ.ਡੀ. ਤੇ ਲਸ਼ਕਰ-ਏ-ਤੋਇਬਾ ਦੇ ਆਗੂਆਂ ਨੂੰ ਅੱਤਵਾਦੀ ਗਤੀਵਿਧੀਆਂ ਲਈ ਧਨ ਇਕੱਤਰ ਕੀਤੇ ਜਾਣ ਦਾ ਦੋਸ਼ੀ ਪਾਇਆ। ਉਹ ਧਨ ਇਕੱਤਰ ਕਰਦੇ ਸਨ ਅਤੇ ਗੈਰ-ਕਾਨੂੰਨੀ ਢੰਗ ਨਾਲ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਤੋਇਬਾ ਦੀਆਂ ਅੱਤਵਾਦੀ ਗਤੀਵਿਧੀਆਂ ਲਈ ਦਿੰਦੇ ਸਨ।

Share