ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਟੂਰਿਸਟ ਸਪਾਟ ਵਜੋਂ ਵਿਕਸਿਤ ਕਰਨ ਦਾ ਫੈਸਲਾ

82
Share

ਇਸਲਾਮਾਬਾਦ, 4 ਮਾਰਚ (ਪੰਜਾਬ ਮੇਲ)-ਪਾਕਿਸਤਾਨ ਸਰਕਾਰ ਨੇ ਹੁਣ ਸ੍ਰੀ ਕਰਤਾਰਪੁਰ ਸਾਹਿਬ ਨੂੰ ਇਕ ‘ਟੂਰਿਸਟ ਸਪਾਟ’ (ਸੈਰ-ਸਪਾਟੇ ਵਾਲੇ ਸਥਾਨ) ਵਜੋਂ ਵਿਕਸਿਤ ਕਰਨ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਜਦੋਂ ਭਾਰਤ ਸਰਕਾਰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਮਾਮਲੇ ’ਚ ਕੋਈ ਹੁੰਗਾਰਾ ਹੀ ਨਹੀਂ ਦੇ ਰਹੀ; ਅਜਿਹੀ ਹਾਲਤ ’ਚ ਸਰਕਾਰ ਨੂੰ ਮਜਬੂਰਨ ਅਜਿਹਾ ਕਦਮ ਚੁੱਕਣਾ ਪੈ ਰਿਹਾ ਹੈ।
ਦੱਸ ਦੇਈਏ ਕਿ ਸਿੱਖ ਕੌਮ ਲਈ ਕਰਤਾਰਪੁਰ ਸਾਹਿਬ ਦਾ ਇਕ ਵੱਡਾ ਮਹੱਤਵ ਹੈ ਕਿਉਂਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਸਾਲ ਬਿਤਾਏ ਸਨ। ਇਥੇ ਜਿਸ ਥਾਂ ਗੁਰਦੁਆਰਾ ਦਰਬਾਰ ਸਾਹਿਬ ਬਣਿਆ ਹੋਇਆ ਹੈ, ਉੱਥੋਂ ਦੀ ਫ਼ਿਜ਼ਾ ਵਿਚ ਗੁਰੂ ਸਾਹਿਬ ਦੇ ਮੁੜ੍ਹਕੇ ਦੀ ਖ਼ੁਸ਼ਬੂ ਨੂੰ ਹਾਲੇ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਉੱਥੇ ਰਹਿ ਕੇ ਗੁਰੂ ਨਾਨਕ ਦੇਵ ਜੀ ਨੇ ਖੇਤੀਬਾੜੀ ਦੇ ਰੂਪ ਵਿਚ ਆਪਣੇ ਹੱਥੀਂ ਕਿਰਤ ਕੀਤੀ ਸੀ।
ਪਾਕਿਸਤਾਨ ਸਰਕਾਰ ਨੇ ਹੁਣ ਇਸੇ ਪਵਿੱਤਰ ਅਸਥਾਨ ਉੱਤੇ ਪ੍ਰਾਈਵੇਟ ਗਾਈਡਿਡ ਟੂਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇੰਝ ਹੁਣ ਕਰਤਾਰਪੁਰ ਸਾਹਿਬ ਵਿਖੇ ਸ਼ਾਪਿੰਗ ਪਲਾਜ਼ਾ ਵੀ ਬਣਨਗੇ ਤੇ ਮਨੋਰੰਜਨ ਦੇ ਹੋਰ ਸਾਧਨ ਵੀ ਵਿਕਸਿਤ ਕੀਤੇ ਜਾਣਗੇ।
ਕਰਤਾਰਪੁਰ ਸਾਹਿਬ ਨੂੰ ਸੈਰ-ਸਪਾਟੇ ਵਾਸਤੇ ਖਿੱਚ ਦਾ ਕੇਂਦਰ ਬਣਾਉਣ ਦੀ ਯੋਜਨਾ ਦਰਅਸਲ ਪਾਕਿਸਤਾਨ ਦੇ ‘ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ’ ਨੇ ਉਲੀਕੀ ਹੈ। ‘ਜ਼ੀ ਨਿਊਜ਼’ ਵੱਲੋਂ ਪ੍ਰਕਾਸ਼ਿਤ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਨੇ ਇਸ ਸਬੰਧੀ ਆਪਣੀ ਝੰਡੀ ਦੇ ਦਿੱਤੀ ਹੈ।
ਈ.ਟੀ.ਪੀ.ਬੀ. ਦੇ ਚੇਅਰਮੈਨ ਆਮੇਰ ਅਹਿਮਦ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਪ੍ਰਾਜੈਕਟ ਬਾਰੇ ਹੁਣ ਸਾਰੀਆਂ ਸਬੰਧਤ ਧਿਰਾਂ ਨਾਲ ਲੋੜੀਂਦੀ ਗੱਲਬਾਤ ਕਰ ਲਈ ਗਈ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਮਨੋਰੰਜਨ ਦੇ ਜਿੰਨੇ ਵੀ ਸਾਧਨ ਹੋਣਗੇ, ਉਹ ਕਰਤਾਰਪੁਰ ਸਾਹਿਬ ਲਾਂਘਾ ਤੇ ਗੁਰੂਘਰ ਤੋਂ ਬਾਹਰ ਕੁਝ ਦੂਰੀ ’ਤੇ ਹੋਣਗੇ।

Share