ਪਾਕਿਸਤਾਨ: ਬੱਸ ਖੱਡ ਵਿੱਚ ਡਿੱਗੀ, 27 ਮੌਤਾਂ

ਲਾਹੌਰ, 9 ਨਵੰਬਰ (ਪੰਜਾਬ ਮੇਲ) -ਪਾਕਿਸਤਾਨ ਦੇ ਸੂਬੇ ਪੰਜਾਬ ਵਿੱਚ 100 ਯਾਤਰੀਆਂ ਨੂੰ ਲੈ ਜਾ ਰਹੀ ਤੇਜ਼ ਰਫ਼ਤਾਰ ਬੱਸ ਅੱਜ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਘੱਟੋ ਘੱਟ 27 ਜਣੇ ਮਾਰੇ ਗਏ ਅਤੇ 69 ਹੋਰ ਜ਼ਖ਼ਮੀ ਹੋਏ। ਬੀਤੀ ਰਾਤ ਜਦੋਂ ਕੱਲਰ ਕਹਾਰ ਸ਼ਹਿਰ ਵਿੱਚ ਹਾਦਸਾ ਵਾਪਰਿਆ ਤਾਂ ਇਹ ਓਵਰਲੋਡ ਤੇਜ਼ ਰਫ਼ਤਾਰ ਬੱਸ ਕੋਹਾਟ ਤੋਂ ਰਾਏਵਿੰਡ ਜਾ ਰਹੀ ਸੀ। ਸਦਰ ਥਾਣੇ ਦੇ ਐਸਐਚਓ ਮੁਹੰਮਦ ਅਫ਼ਜ਼ਲ ਨੇ ਕਿਹਾ ਕਿ ‘‘ਇਹ ਯਾਤਰੀ ਸਾਲਾਨਾ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਾਏਵਿੰਡ ਜਾ ਰਹੇ ਸਨ।’’ ‘ਦੁਨੀਆ ਨਿਊਜ਼’ ਦੀ ਰਿਪੋਰਟ ਮੁਤਾਬਕ ਤਿੰਨ ਹੋਰ ਜ਼ਖ਼ਮੀਆਂ ਦੇ ਇਲਾਜ ਦੌਰਾਨ ਦਮ ਤੋੜ ਦੇਣ ਕਾਰਨ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 27 ਹੋ ਗਈ।
ਪੁਲੀਸ ਨੇ ਕਿਹਾ ਕਿ ਹਾਦਸੇ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਵੱਧ ਸਵਾਰੀਆਂ ਕਾਰਨ ਹਾਦਸਾ ਵਾਪਰਿਆ ਜਾਪਦਾ ਹੈ। ਗੰਭੀਰ ਹਾਲਤ ਵਾਲੇ 13 ਜ਼ਖ਼ਮੀਆਂ ਨੂੰ ਰਾਵਲਪਿੰਡੀ ਭੇਜਿਆ ਗਿਆ ਹੈ, ਜਦੋਂ ਕਿ ਜ਼ਿਆਦਾਤਰ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਬੱਸ ਨੇ ਅਸਲ ਵਿੱਚ ਇਸਲਾਮਾਬਾਦ-ਲਾਹੌਰ ਹੁੰਦੇ ਹੋਏ ਰਾਏਵਿੰਡ ਜਾਣਾ ਸੀ ਪਰ ਇਸ ਨੇ ਵੱਖਰਾ ਰੂਟ ਚੁਣਿਆ। ਐਸਐਚਓ ਨੇ ਕਿਹਾ ਕਿ ਸਮੌਗ ਕਾਰਨ ਇਹ ਸੜਕ ਰਾਤ 10 ਵਜੇ ਮਗਰੋਂ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਇੱਥੇ ਓਵਰਲੋਡ ਬੱਸਾਂ ਨੂੰ ਜੁਰਮਾਨਾ ਹੁੰਦਾ ਹੈ। ਇਸੇ ਕਾਰਨ ਡਰਾਈਵਰ ਨੇ ਸਫ਼ਰ ਲਈ ਬਦਲਵਾਂ ਰਸਤਾ ਚੁਣਿਆ। ਉਨ੍ਹਾਂ ਕਿਹਾ ਕਿ ਡਰਾਈਵਰ ਇਸ ਇਲਾਕੇ ਤੋਂ ਜਾਣੂੰ ਨਹੀਂ ਸੀ ਅਤੇ ਉਹ ਤੇਜ਼ ਰਫ਼ਤਾਰ ਬੱਸ ਚਲਾ ਰਿਹਾ ਹੈ। ਇਕ ਢਲਾਣ ਤੋਂ ਲੰਘਣ ਲੱਗਿਆ ਬੱਸ ਖੱਡ ਵਿੱਚ ਡਿੱਗ ਗਈ।
ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਹਾਦਸੇ ਵਿੱਚ ਜਾਨੀ ਨੁਕਸਾਨ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਬਾਰੇ ਰਿਪੋਰਟ ਮੰਗੀ ਹੈ। ਉਨ੍ਹਾਂ ਜ਼ਖ਼ਮੀਆਂ ਨੂੰ ਢੁਕਵਾਂ ਮੈਡੀਕਲ ਇਲਾਜ ਤੇ ਰਾਹਤ ਦੇਣ ਲਈ ਵੀ ਅਧਿਕਾਰੀਆਂ ਨੂੰ ਆਦੇਸ਼ ਦਿੱਤਾ।