ਪਾਕਿਸਤਾਨ ਨੇ ਸਰਹੱਦ ‘ਤੇ ਸੀਜ਼ਫਾਇਰ ਦਾ ਉਲੰਘਣ ਕਰਨ ਦੇ ਮਾਮਲੇ ‘ਚ ਤੋੜਿਆ ਰਿਕਾਰਡ

ਨਵੀਂ ਦਿੱਲੀ, 3 ਦਸੰਬਰ (ਪੰਜਾਬ ਮੇਲ)- ਜੰਮੂ-ਕਸ਼ਮੀਰ ‘ਚ ਸਰਹੱਦ ‘ਤੇ ਸੀਜ਼ਫਾਇਰ ਦਾ ਉਲੰਘਣ ਕਰਨ ਦੇ ਮਾਮਲੇ ‘ਚ ਪਾਕਿਸਤਾਨ ਨੇ ਪਿਛਲੇ ਸੱਤ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਾਕਿਸਤਾਨ ਨੇ ਇਸ ਸਾਲ ਜੰਮੂ-ਕਸ਼ਮੀਰ ‘ਚ ਅੰਤਰਰਾਸ਼ਟਰੀ ਸਰਹੱਦ ਤੇ ਕੰਟਰੋਲ ਲਾਈਨ ਦੇ ਨੇੜੇ 720 ਤੋਂ ਜ਼ਿਆਦਾ ਵਾਰ ਸੀਜ਼ ਫਾਇਰ ਦਾ ਉਲੰਘਣ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਹਲਾਵੇ ਤੋਂ ਇਕ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਇਸ ਸਾਲ ਅਕਤੂਬਰ ਤੱਕ ਆਈਬੀ ਤੇ ਐੱਲਓਸੀ ਦੇ ਨੇੜੇ 724 ਵਾਰ ਸੀਜ਼ ਫਾਇਰ ਦਾ ਉਲੰਘਣ ਕੀਤਾ ਹੈ। ਹਾਲਾਂਕਿ ਪਿਛਲੇ ਸਾਲ 2016 ‘ਚ ਪਾਕਿਸਤਾਨ ਵਲੋਂ ਸੀਜ਼ ਫਾਇਰ ਉਲੰਘਣ ਦੇ 449 ਮਾਮਲੇ ਸਾਹਮਣੇ ਆਏ ਸਨ। ਸਾਲ 2015 ‘ਚ ਜੰਗਬੰਦੀ ਦੀ ਉਲੰਘਣਾ ਦੇ 405, ਸਾਲ 2013 ‘ਚ 347, ਸਾਲ 2012 ‘ਚ 114, ਸਾਲ 2011 ‘ਚ 62 ਤੇ ਸਾਲ 2010 ‘ਚ 62 ਘਟਨਾਵਾਂ ਹੀ ਸਾਹਮਣੇ ਆਈਆਂ ਸਨ।
ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਅਕਤੂਬਰ ਮਹੀਨੇ ਦੇ ਵਿਚਕਾਰ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ‘ਚ ਘੱਟ ਤੋਂ ਘੱਟ 12 ਨਾਗਰਿਕਾਂ ਤੇ ਸੁਰੱਖਿਆ ‘ਚ ਤਾਇਨਾਤ 17 ਜਵਾਨ ਸ਼ਹੀਦ ਹੋ ਚੁੱਕੇ ਹਨ। ਹਾਲਾਂਕਿ ਇਸ ਦੌਰਾਨ ਕੁੱਲ 79 ਨਾਗਰਿਕ ਤੇ 67 ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋਏ ਹਨ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸਾਲ 2016 ‘ਚ ਜੰਗਬੰਦੀ ਦੇ ਉਲੰਘਣ ਦੀਆਂ ਘਟਨਾਵਾਂ ‘ਚ 13 ਨਾਗਰਿਕ ਮਾਰੇ ਗਏ ਸਨ ਤੇ 13 ਸੁਰੱਖਿਆ ਕਰਮਚਾਰੀ ਸ਼ਹੀਦ ਹੋਏ ਸਨ।