ਪਾਕਿਸਤਾਨ ਨੇ ਬ੍ਰਿਟੇਨ ਨੂੰ ਨਵਾਜ਼ ਸ਼ਰੀਫ ਨੂੰ ਵਾਪਸ ਭੇਜਣ ਦੀ ਕੀਤੀ ਅਪੀਲ

74
Share

ਲਾਹੌਰ, 23 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨ ਨੇ ਬ੍ਰਿਟੇਨ ਨੂੰ ਤੀਜੀ ਵਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵਾਪਸ ਭੇਜਣ ਦੀ ਅਪੀਲ ਕੀਤੀ ਹੈ। ਸ਼ਰੀਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਜੇਲ੍ਹ ਵਿਚ ਬੰਦ ਸਨ ਅਤੇ ਇਲਾਜ ਕਰਾਉਣ ਲਈ ਬ੍ਰਿਟੇਨ ਗਏ ਹੋਏ ਹਨ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਮੁੱਖ ਸ਼ਰੀਫ ਨੂੰ 2017 ਵਿਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸੁਪਰੀਮ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਦੇ ਬਾਅਦ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ ਦੀ ਹਵਾਲਗੀ ਦੀ ਅਪੀਲ ਨਾਲ ਸਬੰਧਤ ਇਕ ਪੱਤਰ ਕਰੀਬ ਤਿੰਨ ਹਫਤੇ ਪਹਿਲਾਂ ਇੱਥੇ ਬ੍ਰਿਟੇਨ ਦੇ ਹਾਈ ਕਮਿਸ਼ਨਰ ਨੂੰ ਸੌਂਪਿਆ ਗਿਆ ਸੀ। ਪਾਕਿਸਤਾਨ ਸਰਕਾਰ ਨੇ ਉਸ ਪੱਤਰ ਦੇ ਜ਼ਰੀਏ ਬ੍ਰਿਟੇਨ ਦੇ ਅਧਿਕਾਰੀਆਂ ਨੂੰ ਸ਼ਰੀਫ ਦਾ ਯਾਤਰਾ ਵੀਜ਼ਾ ਰੱਦ ਕਰਨ ‘ਤੇ ਵਿਚਾਰ ਕਰਨ ਦੀ ਅਪੀਲ ਕੀਤੀ।

ਸ਼ਰੀਫ ਪਿਛਲੇ ਸਾਲ ਨਵੰਬਰ ਵਿਚ ਇਲਾਜ ਦੇ ਲਈ ਲੰਡਨ ਵਿਚ ਹਨ। ਬ੍ਰਿਟੇਨ ਦੇ 1974 ਦੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਮੁਤਾਬਕ, ਚਾਰ ਸਾਲ ਤੋਂ ਵੱਧ ਸਮੇਂ ਦੇ ਸਜ਼ਾ ਪਾਏ ਵਿਅਕਤੀ ਨੂੰ ਉਸ ਦੇ ਮੂਲ ਦੇਸ਼ ਭੇਜਣ ਦੀ ਵਿਵਸਥਾ ਹੈ। ਜਵਾਬਦੇਹੀ ਅਤੇ ਅੰਦਰੂਨੀ ਮਾਮਲਿਆਂ ਦੇ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਸ਼ਹਿਜਾਦ ਅਕਬਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਰਕਾਰ ਬ੍ਰਿਟੇਨ ਦੇ ਅਧਿਕਾਰੀਆਂ ਨੂੰ ਤਿੰਨ ਵਾਰ ਨਵਾਜ਼ ਸ਼ਰੀਫ ਦੀ ਹਵਾਲਗੀ ਦੀ ਅਪੀਲ ਕਰ ਚੁੱਕੀ ਹੈ।


Share