ਫਰੀਮਾਂਟ, 18 ਮਾਰਚ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਪਾਕਿਸਤਾਨ ਦੇ ਫੈਡਰਲ ਮੰਤਰੀ ਜਨਾਬ ਫਵਾਦ ਚੌਧਰੀ ਪਿਛਲੇ ਦਿਨੀਂ ਅਮਰੀਕਾ ਵਿਚ ਵਿਗਿਆਨ ਤੇ ਤਕਨਾਲੋਜੀ ਬਾਰੇ ਹੋ ਰਹੀ ਇਕ ਅੰਤਰਰਾਸ਼ਟਰੀ ਕਾਨਫਰੰਸ ‘ਚ ਹਿੱਸਾ ਲੈਣ ਆਏ ਸਨ, ਉਸ ਤੋਂ ਵੇਹਲੇ ਹੋ ਕੇ ਉਹ ਆਪਣੇ ਸਿੱਖ ਮਿੱਤਰਾਂ, ਅਮਰੀਕਨ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਨੂੰ ਮਿਲਣ ਉਨ੍ਹਾਂ ਦੇ ਗ੍ਰਹਿ ਵਿਖੇ ਪਧਾਰੇ, ਜਿੱਥੇ ਡਾ. ਇਕਤਦਾਰ ਚੀਮਾ ਵੀ ਹਾਜ਼ਰ ਸਨ।
ਜਨਾਬ ਫਵਾਦ ਚੌਧਰੀ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹੇ ਜੇਹਲਮ ਤੋਂ ਮੈਂਬਰ ਪਾਰਲੀਮੈਂਟ ਹਨ ਤੇ ਸਿੱਖਾਂ ਦੇ ਕਰੀਬੀ ਦੋਸਤ ਹਨ। ਇਹ ਪਾਕਿਸਤਾਨ ਦੇ ਉਨਾਂ ਵੱਡੇ ਸਿਆਸੀ ਘਰਾਣਿਆਂ ਵਿਚੋਂ ਹਨ, ਜਿਨ੍ਹਾਂ ਦਾ ਪਾਕਿਸਤਾਨ ਦੀ ਰਾਜਨੀਤੀ ਵਿਚ ਵੱਡਾ ਬੋਲਬਾਲਾ ਹੈ। ਤੇ ਇਸ ਵੇਲੇ ਇਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦੇ ਕਰੀਬੀ ਗਿਣੇ ਜਾਂਦੇ ਹਨ।
ਇਨ੍ਹਾਂ ਦੇ ਪਿਤਾ ਜਦ ਮੰਤਰੀ ਸਨ, ਤਾਂ ਉਨ੍ਹਾਂ ਦੇ ਹੁੰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਤਿੰਨ ਸੌ ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਦੋ ਇਤਿਹਾਸਕ ਗੁਰਦੁਆਰਾ ਸਾਹਿਬ ਸੰਗਤਾਂ ਦੇ ਦਰਸ਼ਨਾਂ ਵਾਸਤੇ ਖੋਲ੍ਹੇ ਗਏ ਸਨ, ਇਕ ਗੁਰਦੁਆਰਾ ਚੋਆ ਗੁਰੂ ਨਾਨਕ ਸਾਹਿਬ ਜੋ ਰੋਹਤਾਸ ਦੇ ਕਿਲ੍ਹੇ ਦੇ ਬਾਹਰ ਸਥਿਤ ਹੈ ਤੇ ਦੂਜਾ ਮਾਤਾ ਸਾਹਿਬ ਕੌਰ ਜੀ ਦਾ ਜਨਮ ਸਥਾਨ, ਜੋ ਰੋਹਤਾਸ ਦੇ ਕਿਲ੍ਹੇ ਵਿਚ ਸਥਿਤ ਹੈ। ਇਥੇ ਇਹ ਯਾਦ ਕਰਵਾਇਆ ਜਾਂਦਾ ਹੈ ਕਿ ਮੰਤਰੀ ਸਾਹਿਬ ਨੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਲਾਂਘੇ ਵਿਚ ਬਹੁਤ ਦਿਲਚਸਪੀ ਲੈ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਫਵਾਦ ਸਾਹਿਬ ਦੇ ਭਰਾ ਫਰਖ ਅਲਤਾਫ ਵੀ ਪਾਕਿਸਤਾਨ ਦੇ ਪਾਰਲੀਮੈਂਟ ਮੈਂਬਰ ਹਨ।
ਫਵਾਦ ਸਾਹਿਬ ਤੇ ਡਾ. ਇਕਤਦਾਰ ਚੀਮਾ ਦੀਆਂ ਸਿੱਖਾਂ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਸਨਮਾਨਿਤ ਕਰਨ ਵਾਸਤੇ ਕਾਂਗਰਸਮੈਨ ਐਰਿਕ ਸਵਾਲਵੈਲ ਨੇ ਆਉਣਾ ਸੀ ਪਰ ਉਹ ਕਿਸੇ ਜ਼ਰੂਰੀ ਕੰਮ ਲਈ ਵਾਸ਼ਿੰਗਟਨ ਡੀ.ਸੀ. ਚਲੇ ਗਏ ਤੇ ਉਨਾਂ ਸ. ਹਰਪਾਲ ਸਿੰਘ ਮਾਨ ਤੇ ਜਾਹਨ ਮੈਕਲਾਰਨ ਨੂੰ ਅਮਰੀਕੀ ਕਾਂਗਰਸ ਦਾ ਸਨਮਾਨ ਪੱਤਰ ਦੇ ਕੇ ਭੇਜਿਆ ਤੇ ਖਾਸ ਤੌਰ ‘ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੌਜੂਦਾ ਪਾਕਿਸਤਾਨੀ ਸਰਕਾਰ ਦੇ ਪ੍ਰਬੰਧ ਹੇਠ ਘੱਟ ਗਿਣਤੀਆਂ ਸੁਰੱਖਿਅਤ ਮਹਿਸੂਸ ਕਰਦੀਆਂ ਹਨ ਤੇ ਉਨ੍ਹਾਂ ਦੇ ਇਤਿਹਾਸਕ ਧਾਰਮਿਕ ਤੇ ਸੱਭਿਆਚਾਰਕ ਸਥਾਬ ਸੁਰੱਖਿਅਤ ਹਨ।
ਕੋਰੋਨਾਵਾਇਰਸ ਦੀ ਗੰਭੀਰ ਸਮੱਸਿਆ ਕਰਕੇ ਸਿੱਖ ਭਾਈਚਾਰੇ ਦੇ ਹੋਰ ਸਨਮਾਨਯੋਗ ਮਿੱਤਰਾਂ ਨੂੰ ਸੱਦਣ ਤੋਂ ਗੁਰੇਜ ਕੀਤਾ ਗਿਆ।