ਪਾਕਿਸਤਾਨ ਜਾਣ ਵਾਲਿਆਂ ‘ਤੇ ਤਿੱਖੀ ਨਜ਼ਰ, ਮੋਬਾਈਲ ਫੋਨ ਦੀ ਵੀ ਹੋਵੇਗੀ ਸਕੈਨਿੰਗ

ਅੰਮ੍ਰਿਤਸਰ, 24 ਅਗਸਤ (ਪੰਜਾਬ ਮੇਲ)-ਰੇਲ ਤੇ ਸੜਕੀ ਮਾਰਗ ਰਾਹੀਂ ਪਕਿਸਤਾਨ ਜਾਣ ਵਾਲੇ ਯਾਤਰੀਆਂ ਦੇ ਸਾਮਾਨ ਤੋਂ ਇਲਾਵਾ ਹੁਣ ਉਨ੍ਹਾਂ ਦੇ ਮੋਬਾਈਲ ਫੋਨ ਵੀ ਕਸਟਮ ਅਧਿਕਾਰੀਆਂ ਦੀਆਂ ਨਜ਼ਰਾਂ ਵਿਚ ਹਨ। ਯਾਤਰੀ ਕਿਤੇ ਮੋਬਾਈਲ ਵਿਚ ਆਪਣੀ ਸੁਰੱਖਿਆ ਨਾਲ ਜੁੜਿਆ ਡਾਟਾ ਨਾਲ ਲੈ ਕੇ ਪਾਕਿਸਤਾਨ ਨਾ ਜਾਣ, ਇਸ ਲਈ ਕਸਟਮ ਅਧਿਕਾਰੀ ਹਰ ਯਾਤਰੀ ਦੇ ਮੋਬਾਈਲ ਫੋਨ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਕਸਟਮ ਰੋਕਥਾਮ ਕਮਿਸ਼ਨਰ ਦੀਪਕ ਗੁਪਤਾ ਨੇ ਇਸ ਸਬੰਧ ਵਿਚ ਜਿਥੇ ਵੱਖਰੀ ਟੀਮ ਬਣਾਈ ਹੈ, ਉਥੇ ਹੀ ਅਧਿਕਾਰੀਆਂ ਨੂੰ ਇਸ ਲਈ ਖ਼ਾਸ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਕਮਿਸ਼ਨਰ ਨੇ ਇਹ ਹਦਾਇਤਾਂ ਹਾਲ ਹੀ ਵਿਚ ਦਿੱਲੀ ਤੋਂ ਸਮਝੌਤੇ ਜ਼ਰੀਏ ਲਾਹੌਰ ਜਾਣ ਵਾਲੇ ਦੋ ਵੱਖਰੇ-ਵੱਖਰੇ ਨੌਜਵਾਨਾਂ ਤੋਂ ਬਰਾਮਦ ਉਤਰਾਖੰਡ ਤੋਂ ਚੋਰੀ ਕੀਤੇ ਮੋਬਾਈਲ ਫੋਨ ਫੜੇ ਜਾਣ ਤੋਂ ਬਾਅਦ ਦਿੱਤੀਆਂ ਹਨ। ਹਾਲਾਂਕਿ ਅਜਿਹਾ ਨਹੀਂ ਕਿ ਯਾਤਰੀ ਮੋਬਾਈਲ ਫੋਨ ਪਾਕਿਸਤਾਨ ਆਪਣੇ ਨਾਲ ਪਾਕਿਸਤਾਨ ਨਹੀਂ ਲਿਜਾ ਸਕਦੇ, ਪਰ ਇਸ ਦੀ ਮਦਦ ਨਾਲ ਦੇਸ਼ ਲਈ ਖ਼ਤਰਾ ਪੈਦਾ ਕਰਨ ਵਾਲਾ ਡਾਟਾ ਇਥੇ ਪਹੁੰਚ ਜਾਵੇ। ਇਸ ਨੂੰ ਦੇਖਦਿਆਂ ਸ਼ੱਕੀ ਯਾਤਰੀਆਂ ਦੇ ਮੋਬਾਈਲ ਫੋਨ ਦੀ ਸਕਰੀਨਿੰਗ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ} ਉਥੇ ਹੀ ਸ਼ੱਕੀ ਹਾਲਤ ਵਿਚ ਪਾਕਿ ਲਿਜਾਣ ਵਾਲੇ ਨਵੇਂ ਫੋਨਾਂ ‘ਤੇ ਤਾਂ ਖਾਸ ਨਜ਼ਰ ਰੱਖੀ ਜਾਵੇਗੀ ਕਿ ਕਿਤੇ ਪਾਕਿਸਤਾਨ ਵਿਚੋਂ ਇਸ ਵਿਚ ਵਿਸ਼ੇਸ਼ ਸਾਫਟਵੇਅਰ ਅਪਲੋਡ ਕਰ ਕੇ ਵਾਪਸ ਨਾ ਪਹੁੰਚ ਜਾਵੇ। ਕਮਿਸ਼ਨਰ ਦੀਪਕ ਗੁਪਤਾ ਨੇ ਕਿਹਾ ਕਿ ਇਸ ਨੂੰ ਲੈ ਕੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।