ਪਾਕਿਸਤਾਨ ‘ਚ ਟੀ. ਵੀ. ‘ਤੇ ਬਹਿਸ ਦੌਰਾਨ ਨੇਤਾ ਹੋਏ ਹੱਥੋਪਾਈ

281
Share

ਇਸਲਾਮਾਬਾਦ, 11 ਜੂਨ (ਪੰਜਾਬ ਮੇਲ)- ਪਾਕਿਸਤਾਨ ਦੇ ਇਕ ਟੀ. ਵੀ. ‘ਤੇ ਬਹਿਸ ਦੌਰਾਨ ਪਾਕਿਸਤਾਨ ਤਹਿਰੀਕੇ ਇਨਸਾਫ਼ ਪਾਰਟੀ ਦੀ ਆਗੂ ਫਿਰਦੌਸ ਆਸ਼ਿਕ ਅਵਾਨ ਤੇ ਪੀ. ਪੀ. ਪੀ. ਪਾਰਟੀ ਦੇ ਆਗੂ ਅਬਦੁੱਲ ਕਾਦਿਰ ਖ਼ਾਨ ਮੰਦੋਖੇਲ ਵਿਚਕਾਰ ਹੱਥੋਪਾਈ ਹੋ ਗਈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ, ਜਿਸ ਵਿਚ ਇਮਰਾਨ ਖਾਨ ਦੀ ਕਰੀਬੀ ਨੇਤਾ ਡਾਕਟਰ ਫਿਰਦੌਸ ਅਤੇ ਮੰਦੋਖੇਲ ਵਿਚਕਾਰ ਹੱਥੋਪਾਈ ਦੇਖੀ ਜਾ ਸਕਦੀ ਹੈ। ਫਿਰਦੌਸ ਆਸ਼ਿਕ ਅਵਾਨ ਨੇ ਟੀ. ਵੀ. ਬਹਿਸ ਦੌਰਾਨ ਮੰਦੋਖੇਲ ਨੂੰ ਥੱਪੜ ਮਾਰ ਦਿੱਤਾ। ਟੀ. ਵੀ. ਪ੍ਰੋਗਰਾਮ ਵਿਚ ਦੋਵਾਂ ਆਗੂਆਂ ਨੂੰ ਭ੍ਰਿਸ਼ਟਾਚਾਰ ਮੁੱਦੇ ‘ਤੇ ਚਰਚਾ ਲਈ ਸੱਦਿਆ ਗਿਆ ਸੀ, ਜਿਸ ਦੌਰਾਨ ਦੋਹਾਂ ਵਿਚ ਤਿੱਖੀ ਬਹਿਸ ਹੋ ਗਈ। ਪੀ. ਪੀ. ਪੀ. ਆਗੂ ਮੰਦੋਖੇਲ ਨੇ, ਜੋ ਸੰਸਦ ਮੈਂਬਰ ਵੀ ਹਨ ਨੇ ਫਿਰਦੌਸ ਅਵਾਨ ‘ਤੇ ਭ੍ਰਿਸ਼ਟਾਚਾਰ ਦੇ ਸਿੱਧੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ। ਇਸ ‘ਤੇ ਅਵਾਨ ਭੜਕ ਉੱਠੀ।

ਫਿਰਦੌਸ ਆਸ਼ਿਕ ਅਵਾਨ ਇਮਰਾਨ ਖਾਨ ਦੀ ਵਿਸ਼ੇਸ਼ ਸਹਾਇਕ ਰਹਿ ਚੁੱਕੀ ਹੈ ਅਤੇ ਫਿਲਹਾਲ ਉਹ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸੀ. ਐੱਮ. ਦੀ ਵਿਸ਼ੇਸ਼ ਸਹਾਇਕ ਹੈ। ਵੀਡੀਓ ਵਿਚ ਫਿਰਦੌਸ ਆਸ਼ਿਕ ਅਵਾਨ ਗਾਲ੍ਹਾਂ ਕੱਢਦੀ ਵੀ ਨਜ਼ਰ ਆ ਰਹੀ ਹੈ। ਥੱਪੜ ਮਾਰਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪੱਤਰਕਾਰ ਜਾਵੇਦ ਚੌਧਰੀ ਦੇ ਐਕਸਪ੍ਰੈਸ ਟੀ. ਵੀ. ਸ਼ੋਅ ਦੀ ਰਿਕਾਰਡਿੰਗ ਦੌਰਾਨ ਹੋਈ। ਇਸ ਤੋਂ ਬਾਅਦ ਫਿਰਦੌਸ ਆਸ਼ਿਕ ਅਵਾਨ ਨੇ ਟਵਿੱਟਰ ‘ਤੇ ਬਿਆਨ ਜਾਰੀ ਕਰਕੇ ਕਿਹਾ ਕਿ ਪੀ. ਪੀ. ਪੀ. ਸਾਂਸਦ ਕਾਦਿਰ ਨੇ ਉਨ੍ਹਾਂ ਤੇ ਉਨ੍ਹਾਂ ਦੇ ਪਿਤਾ ਖ਼ਿਲਾਫ਼ ਗਾਲ੍ਹਾਂ ਕੱਢੀਆਂ ਤੇ ਧਮਕੀ ਦਿੱਤੀ। ਇਸ ਲਈ ਉਨ੍ਹਾਂ ਨੇ ਆਤਮ ਰੱਖਿਆ ਵਿਚ ਮੰਦੋਖੇਲ ‘ਤੇ ਹੱਥ ਚੁੱਕਿਆ ਕਿਉਂਕਿ ਉਨ੍ਹਾਂ ਦੀ ਇਜ਼ਤ ਦਾਅ ‘ਤੇ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਉਹ ਕਾਦਿਰ ਖ਼ਿਲਾਫ਼ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਤਹਿਤ ਮੁਕੱਦਮਾ ਦਰਜ ਕਰਾਵੇਗੀ। ਕਾਦਿਰ ਬਿਲਾਵਲ ਭੁੱਟੋ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਵੱਲੋਂ ਨੈਸ਼ਨਲ ਅਸੈਂਬਲੀ ਦੇ ਮੈਂਬਰ ਹਨ।


Share