ਪਾਕਿਸਤਾਨ ’ਚ ਇਮਰਾਨ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਵਿਰੋਧੀ ਪਾਰਟੀਆਂ ਹੋਈਆਂ ਇਕਜੁੱਟ

183
Share

 ਸਰਬ ਪਾਰਟੀ ਮੀਟਿੰਗ ’ਚ 26 ਨੁਕਤਿਆਂ ਵਾਲੀ ਤਜਵੀਜ਼ ਸਵੀਕਾਰ
ਇਸਲਾਮਾਬਾਦ, 21 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਪ੍ਰਮੁੱਖ ਵਿਰੋਧੀ ਪਾਰਟੀਆਂ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦਾ ਅਸਤੀਫ਼ਾ ਮੰਗਦਿਆਂ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਇਕਜੁੱਟ ਹੋ ਗਈਆਂ ਹਨ। ਇਨ੍ਹਾਂ ਪਾਰਟੀਆਂ ਨੇ ਸਰਬ ਪਾਰਟੀ ਮੀਟਿੰਗ ਦੌਰਾਨ 26 ਨੁਕਤਿਆਂ ਵਾਲੀ ਇਕ ਤਜਵੀਜ਼ ਨੂੰ ਸਵੀਕਾਰ ਕੀਤਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੀ ਮੇਜ਼ਬਾਨੀ ਵਾਲੀ ਇਸ ਮੀਟਿੰਗ ’ਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ), ਜਮਾਇਤ ਉਲੇਮਾ-ਏ-ਇਸਲਾਮ ਫ਼ਜ਼ਲ (ਜੇਯੂਆਈ-ਐੱਫ) ਤੇ ਕੁਝ ਹੋਰਨਾਂ ਪਾਰਟੀਆਂ ਨੇ ਸ਼ਿਰਕਤ ਕੀਤੀ ਸੀ। ਤਜਵੀਜ਼ ਮੁਤਾਬਕ ਵਿਰੋਧੀ ਪਾਰਟੀਆਂ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ (ਪੀਡੀਐੱਮ) ਨਾਮ ਹੇਠ ਗੱਠਜੋੜ ਬਣਾਉਣ ਲਈ ਰਾਜ਼ੀ ਹੋ ਗਈਆਂ ਹਨ ਤਾਂ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੀ ਹਕੂਮਤ ਖ਼ਿਲਾਫ਼ ਅਕਤੂਬਰ ਤੋਂ ਸਮੁੱਚੇ ਮੁਲਕ ’ਚ ਪ੍ਰਦਰਸ਼ਨ ਸ਼ੁਰੂ ਕੀਤੇ ਜਾ ਸਕਣ। ਤਜਵੀਜ਼ ਮੁਤਾਬਕ ਪ੍ਰਦਰਸ਼ਨ ਚਾਰ ਗੇੜਾਂ ’ਚ ਸ਼ੁਰੂ ਹੋਣਗੇ। ਪਹਿਲੇ ਗੇੜ ’ਚ ਵਿਰੋਧੀ ਪਾਰਟੀਆਂ ਚਾਰੋ ਸੂਬਿਆਂ ’ਚ ਅਕਤੂਬਰ ਵਿਚ ਸਾਂਝੀਆਂ ਰੈਲੀਆਂ ਕਰਨਗੀਆਂ। ਦੂਜਾ ਗੇੜ ਦਸੰਬਰ ਵਿਚ ਸ਼ੁਰੂ ਹੋਵੇਗਾ, ਜਿਸ ਦੌਰਾਨ ਦੇਸ਼ ਭਰ ਵਿਚ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਇਸ ਮਗਰੋਂ ਅਗਲੇ ਸਾਲ ਜਨਵਰੀ ਤੋਂ ਸਰਕਾਰ ਨੂੰ ਲਾਂਭੇ ਕਰਨ ਲਈ ਇਸਲਾਮਾਬਾਦ ਤੋਂ ਫੈਸਲਾਕੁਨ ਵੱਡਾ ਮਾਰਚ ਕੱਢਿਆ ਜਾਵੇਗਾ।

Share