ਪਾਕਿਸਤਾਨੀ ਵਿਦੇਸ਼ ਮੰਤਰੀ ਅਯੋਗ ਕਰਾਰ

ਇਸਲਾਮਾਬਾਦ, 26 ਅਪ੍ਰੈਲ (ਪੰਜਾਬ ਮੇਲ)-ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਹੁਦੇ ਦੇ ਅਯੋਗ ਠਹਿਰਾਏ ਜਾਣ ਮਗਰੋਂ ਹੁਣ ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ਼ ਨੂੰ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਹੈ। ਆਸਿਫ਼ ’ਤੇ ਦੋਸ਼ ਹੈ ਕਿ ਉਨ੍ਹਾਂ 2013 ’ਚ ਚੋਣ ਲੜਨ ਵੇਲੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਆਪਣੇ ਵਰਕ ਪਰਮਿਟ ਦਾ ਵੇਰਵਾ ਛੁਪਾਇਆ। ਹਾਈ ਕੋਰਟ ਦੀ ਤਿੰਨ ਮੈਂਬਰੀ ਵਿਸ਼ੇਸ਼ ਬੈਂਚ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਆਗੂ ਉਸਮਾਨ ਡਾਰ ਦੀ ਪਟੀਸ਼ਨ ’ਤੇ ਇਹ ਫ਼ੈਸਲਾ ਸੁਣਾਇਆ। ਫ਼ੈਸਲੇ ਮਗਰੋਂ ਆਸਿਫ਼ ਹੁਣ ਤਾ-ਉਮਰ ਨਾ ਤਾਂ ਪਾਰਟੀ ਦੇ ਅਤੇ ਨਾ ਹੀ ਕੋਈ ਜਨਤਕ ਅਹੁਦੇ ’ਤੇ ਤਾਇਨਾਤ ਹੋ ਸਕਣਗੇ। ਆਸਿਫ਼ ਨੂੰ ਸੰਵਿਧਾਨ ਦੀ ਧਾਰਾ 62 (1) (ਐਫ) ਤਹਿਤ ਅਯੋਗ ਠਹਿਰਾਇਆ ਗਿਆ ਹੈ ਅਤੇ ਵਿਸ਼ੇਸ਼ ਬੈਂਚ ਨੇ ਸਰਬਸੰਮਤੀ ਨਾਲ ਫ਼ੈਸਲਾ ਸੁਣਾਇਆ ਕਿ ਉਹ ‘ਸੱਚਾ’ ਅਤੇ ‘ਇਮਾਨਦਾਰ’ ਨਹੀਂ ਸੀ। ਡਾਰ 2013 ’ਚ ਆਸਿਫ਼ ਖ਼ਿਲਾਫ਼ ਚੋਣ ਹਾਰ ਗਿਆ ਸੀ ਜਿਸ ਨੂੰ ਉਸ ਨੇ ਚੁਣੌਤੀ ਦਿੱਤੀ ਸੀ। ਸੰਸਦ ਮੈਂਬਰ ਵਜੋਂ ਚੋਣ ਲੜਨ ਸਮੇਂ ਉਸ ਨੇ ਆਪਣੀ ਨੌਕਰੀ ਅਤੇ ਤਨਖ਼ਾਹ ਦੀ ਜਾਣਕਾਰੀ ਨਹੀਂ ਦਿੱਤੀ ਸੀ। ਆਸਿਫ਼ ਨੇ ਕਿਹਾ ਹੈ ਕਿ ਉਹ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਵੇਗਾ। ਸੁਪਰੀਮ ਕੋਰਟ ਵੱਲੋਂ ਨਵਾਜ਼ ਸ਼ਰੀਫ਼ ਨੂੰ ਅਯੋਗ ਠਹਿਰਾਏ ਜਾਣ ਮਗਰੋਂ ਹੁਣ ਆਸਿਫ਼ ’ਤੇ ਗਾਜ਼ ਡਿੱਗਣ ਕਰਕੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੂੰ ਹੋਰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਜੂਨ ਤੋਂ ਬਾਅਦ ਮੁਲਕ ’ਚ ਚੋਣਾਂ ਹੋਣੀਆਂ ਤੈਅ ਹਨ।