ਪਰਮਿੰਦਰ ਢੀਂਡਸਾ ਵੱਲੋਂ ਖੇਤੀ ਆਰਡੀਨੈਂਸ ਰੱਦ ਕਰਨ ਲਈ ਮਤਾ ਲਿਆਉਣ ਦੀ ਮੰਗ

342
Share

ਚੰਡੀਗੜ੍ਹ, 21 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਤੋਂ ਵੱਖਰਾ ਸਟੈਂਡ ਲੈਂਦਿਆਂ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਖੇਤੀ ਆਰਡੀਨੈਂਸ ਰੱਦ ਕਰਨ ਲਈ ਮਤਾ ਲਿਆਉਣ ਦੀ ਮੰਗ ਕੀਤੀ ਹੈ। ਛੋਟੇ ਢੀਂਡਸਾ ਨੇ ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਅੱਜ ਵਿਧਾਨ ਸਭਾ ਕਾਰਜ ਨਿਯਮਾਵਲੀ ਦੇ ਨਿਯਮ 71 ਅਧੀਨ ਨੋਟਿਸ ਦਿੱਤਾ ਹੈ। ਉਨ੍ਹਾਂ ਸਪੀਕਰ ਨੂੰ ਲਿਖਿਆ ਹੈ ਕਿ ਇਸ ਮੁੱਦੇ ਨੂੰ ਪ੍ਰਮੁੱਖਤਾ ਦਿੱਤੀ ਜਾਵੇ। ਸਪੀਕਰ ਨੂੰ ਦਿੱਤੇ ਨੋਟਿਸ ਰਾਹੀਂ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨਾਂ ਆਰਡੀਨੈਂਸਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਆਰਡੀਨੈਂਸ ਖੇਤੀ ਜਿਣਸਾਂ ਦੇ ਖ਼ਰੀਦ ਅਮਲ ਨੂੰ ਹੀ ਤਹਿਸ ਨਹਿਸ ਨਹੀਂ ਕਰਨਗੇ ਸਗੋਂ ਕਿਸਾਨਾਂ ਨੂੰ ਜਿਣਸਾਂ ਦੇ ਮਿਲਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਆਰਡੀਨੈਂਸ ਜਾਰੀ ਕਰਨ ਤੋਂ ਬਾਅਦ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਿਸਾਨਾਂ ‘ਚ ਵੀ ਬੇਚੈਨੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਅਮਲ ਵਿੱਚ ਲਿਆਂਦਾ ਜਾ ਰਿਹਾ ਮਾਡਲ ਯੂਰੋਪ ਦੇ ਕਈ ਮੁਲਕਾਂ ਅਤੇ ਅਮਰੀਕਾ ਵਿੱਚ ਫੇਲ੍ਹ ਸਾਬਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਇਸ ਮਤੇ ‘ਤੇ ਸਰਬਸੰਮਤੀ ਬਣਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਸੂਬੇ ਦੀਆਂ ਹੋਰਨਾਂ ਪਾਰਟੀਆਂ ਨੂੰ ਮਤੇ ਦੀ ਹਮਾਇਤ ਕਰਨ ਲਈ ਆਖਿਆ।


Share