ਪਦਮਾਵਤ ਫਿਲਮ ਰਿਲੀਜ਼ ਹੋਣ ਨਾਲ ਹਰਿਆਣਾ, ਬਿਹਾਰ, ਯੂ.ਪੀ., ਝਾਰਖੰਡ ਤੇ ਉਤਰਾਖੰਡ ਦੇ ਕਈ ਸ਼ਹਿਰਾਂ ‘ਚ ਹਿੰਸਾ

ਨਵੀਂ ਦਿੱਲੀ, 26 ਜਨਵਰੀ (ਪੰਜਾਬ ਮੇਲ)-ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਵੀਰਵਾਰ ਰਿਲੀਜ਼ ਹੋ ਗਈ ਪਰ ਭਾਜਪਾ ਸ਼ਾਸਤ 4 ਸੂਬਿਆਂ ਮੱਧ ਪ੍ਰਦੇਸ਼, ਗੁਜਰਾਤ, ਗੋਆ ਤੇ ਰਾਜਸਥਾਨ ਵਿਚ ਇਸ ਨੂੰ ਰਿਲੀਜ਼ ਨਹੀਂ ਕੀਤਾ ਗਿਆ। ਫਿਲਮ ਦੇ ਰਿਲੀਜ਼ ਹੋਣ ਦੇ ਨਾਲ ਹੀ ਹਰਿਆਣਾ, ਬਿਹਾਰ, ਯੂ. ਪੀ., ਝਾਰਖੰਡ ਅਤੇ ਉਤਰਾਖੰਡ ਦੇ ਕਈ ਸ਼ਹਿਰਾਂ ਵਿਚ ਹਿੰਸਾ ਹੋਈ। ਫਿਲਮ ਦੇ ਵਿਰੋਧ ਕਾਰਨ ਕਈ ਥਾਵਾਂ ‘ਤੇ ਬੱਸਾਂ ਨੂੰ ਸਾੜ ਦਿੱਤਾ ਗਿਆ ਤੇ ਕਈ ਸਿਨੇਮਾਘਰਾਂ ਵਿਚ ਅੱਗ ਲਾ ਦਿੱਤੀ ਗਈ। ਸੰਬੰਧਤ ਸੂਬਿਆਂ ਦੀਆਂ ਸਰਕਾਰਾਂ ਹਿੰਸਾ ਨੂੰ ਰੋਕਣ ਵਿਚ ਨਾਕਾਮ ਸਾਬਤ ਹੋਈਆਂ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਵੀ ਇਹ ਫਿਲਮ ਰਿਲੀਜ਼ ਹੋਈ। ਕਿਤੋਂ ਵੀ ਕਿਸੇ ਤਰ੍ਹਾਂ ਦੀ ਮਾੜੀ ਘਟਨਾ ਦੇ ਵਾਪਰਨ ਦੀ ਖਬਰ ਨਹੀਂ ਹੈ। ਯੂ. ਪੀ. ‘ਚ ਫਿਲਮ ਨੂੰ ਮਿਰਜ਼ਾਪੁਰ, ਲਲਿਤਪੁਰ, ਜੌਨਪੁਰ ਆਦਿ ਦੇ ਸਿਨੇਮਾਘਰਾਂ ਵਿਚ ਨਹੀਂ ਦਿਖਾਇਆ ਗਿਆ। ਮੁਗਲਸਰਾਏ ਵਿਚ ਸਿਰਫ 10 ਫੀਸਦੀ ਲੋਕ ਫਿਲਮ ਦਾ ਪਹਿਲਾ ਸ਼ੋਅ ਦੇਖਣ ਆਏ। ਸੂਬੇ ਦੇ ਅਪਰ ਪੁਲਿਸ ਮੁਖੀ ਵਲੋਂ ਅਮਨ-ਕਾਨੂੰਨ ਬਣਾਈ ਰੱਖਣ ਲਈ ਇਕ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਗਈ।
* ਹਰਿਆਣਾ ਦੇ ਸੋਨੀਪਤ ਜ਼ਿਲੇ ਵਿਚ ਇਹ ਫਿਲਮ ਰਿਲੀਜ਼ ਨਹੀਂ ਹੋਈ। ਬਿਹਾਰ ‘ਚ ਕਰਣੀ ਸੈਨਾ ਅਤੇ ਰਾਜਪੂਤ ਸੰਗਠਨਾਂ ਨੇ ਫਿਲਮ ਦਾ ਡਟ ਕੇ ਵਿਰੋਧ ਕੀਤਾ। ਮੋਤੀਹਾਰੀ, ਪਟਨਾ, ਭਾਗਲਪੁਰ ਅਤੇ ਦਰਭੰਗਾ ਵਿਚ ਵੀ ਫਿਲਮ ਦਾ ਪ੍ਰਦਰਸ਼ਨ ਨਹੀਂ ਹੋਇਆ।
ਪੂਰਬੀ ਬਿਹਾਰ, ਕੋਸੀ ਅਤੇ ਹੋਰਨਾਂ ਸ਼ਹਿਰਾਂ ਵਿਚ ਸਿਨੇਮਾਘਰਾਂ ਦੇ ਮਾਲਕਾਂ ਨੇ ਆਪਣੀ ਜਾਇਦਾਦ ਦੀ ਰਾਖੀ ਨੂੰ ਧਿਆਨ ਵਿਚ ਰੱੱੱੱੱਖਦਿਆਂ ਫਿਲਮ ਨਾ ਵਿਖਾਉਣ ਦਾ ਫੈਸਲਾ ਲਿਆ। ਜੰਮੂ ਦੇ ਇੰਦਰਾ ਸਿਨੇਮਾਘਰ ਦੇ ਟਿਕਟ ਕਾਊਂਟਰ ਦੀ ਤੋੜ-ਭੰਨ ਕੀਤੀ ਗਈ। ਝਾਰਖੰਡ ਵਿਚ ਵੀ ਕਈ ਥਾਵਾਂ ‘ਤੇ ਫਿਲਮ ਦਾ ਵਿਰੋਧ ਹੋਇਆ। ਰਾਂਚੀ ਦੇ ਪਲਾਜ਼ਾ ਸਿਨੇਮਾ ਵਿਚ ਸੰਨਾਟਾ ਛਾਇਆ ਹੋਇਆ ਸੀ। ਉਥੇ ਇਕ ਵੀ ਟਿਕਟ ਨਹੀਂ ਵਿਕੀ। ਲੋਕਾਂ ਵਿਚ ਦਹਿਸ਼ਤ ਪਾਈ ਗਈ।
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਸਮੇਤ ਵੱਖ-ਵੱਖ ਸ਼ਹਿਰਾਂ ‘ਚ ਫਿਲਮ ਦਾ ਵਿਰੋਧ ਕਰ ਰਹੇ ਬਜਰੰਗ ਦਲ ਦੇ 70 ਵਰਕਰਾਂ ਸਮੇਤ 100 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਨੋਇਡਾ ‘ਚ ਕਰਣੀ ਸੈਨਾ ਦੇ ਪੱਛਮੀ ਉੱਤਰ ਪ੍ਰਦੇਸ਼ ਦੇ ਇੰਚਾਰਜ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੀ ਪਛਾਣ ਕਰੁਣ ਠਾਕੁਰ ਵਜੋਂ ਹੋਈ ਹੈ।
* ਸੁਪਰੀਮ ਕੋਰਟ ‘ਚ ਨਵੀਂ ਪਟੀਸ਼ਨ ਦਾਇਰ-ਪਦਮਾਵਤ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਕਰਣੀ ਸੈਨਾ ਅਤੇ ਸੂਬਿਆਂ ਵਿਰੁੱਧ ਮਾਣਹਾਨੀ ਦੀ ਨਵੀਂ ਪਟੀਸ਼ਨ ਦਾਇਰ ਹੋਈ ਹੈ। ਇਸ ਮਾਮਲੇ ਵਿਚ ਅਦਾਲਤ ਨੂੰ ਜਲਦੀ ਹੀ ਸੁਣਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ। ਸੋਮਵਾਰ ਸੁਪਰੀਮ ਕੋਰਟ ਵਲੋਂ ਇਸ ਸੰੰਬੰਧੀ ਸੁਣਵਾਈ ਕੀਤੀ ਜਾਵੇਗੀ।
* ਸਕੂਲ ਬੱਸ ‘ਤੇ ਹਮਲਾ ਕਰਨ ਵਾਲੇ 18 ਗ੍ਰਿਫਤਾਰ-ਗੁਰੂਗ੍ਰਾਮ ਦੇ ਭੋਂਡਸੀ ਵਿਖੇ ਇਕ ਦਿਨ ਪਹਿਲਾਂ ਇਕ ਸਕੂਲ ਦੀ ਬੱਸ ‘ਤੇ ਹਮਲਾ ਕਰਨ ਵਾਲੇ ਕਰਣੀ ਸੈਨਾ ਦੇ ਲੋਕਾਂ ਨੂੰ ਲੱਭ ਰਹੀ ਪੁਲਿਸ ਨੂੰ ਵੀਰਵਾਰ ਵੱਡੀ ਸਫਲਤਾ ਮਿਲੀ। ਗੁਰੂਗ੍ਰਾਮ ਪੁਲਿਸ ਨੇ ਹਮਲਾ ਕਰਨ ਵਾਲੇ ਕਰਣੀ ਸੈਨਾ ਦੇ 18 ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
* ਭਾਜਪਾ ਗੰਦੀ ਸਿਆਸਤ ਕਰ ਰਹੀ ਹੈ। ਉਸ ਨੇ ਰਾਸ਼ਟਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ। ਬੱਚਿਆਂ ਵਿਰੁੱਧ ਹਿੰਸਾ ਦਾ ਕੋਈ ਵੀ ਕਾਰਨ ਵੱਡਾ ਨਹੀਂ ਹੋ ਸਕਦਾ। ਹਿੰਸਾ ਅਤੇ ਨਫਰਤ ਕਮਜ਼ੋਰੀ ਦੇ ਹਥਿਆਰ ਹਨ।
– ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ
ਜਿਨ੍ਹਾਂ ਤਾਕਤਾਂ ਨੇ ਮੁਸਲਮਾਨਾਂ ਨੂੰ ਮਾਰਿਆ ਅਤੇ ਦਲਿਤਾਂ ਨੂੰ ਸਾੜਿਆ, ਉਹ ਹੁਣ ਸਾਡੇ ਘਰਾਂ ‘ਤੇ ਹਮਲੇ ਕਰ ਰਹੇ ਹਨ ਅਤੇ ਸਾਡੇ ਬੱਚਿਆਂ ਦੇ ਪਿੱਛੇ ਪਏ ਹੋਏ ਹਨ। ਵੰਡਣ ਵਾਲੀਆਂ ਤਾਕਤਾਂ ਵਿਰੁੱਧ ਬੋਲਣਾ ਜ਼ਰੂਰੀ ਹੋ ਗਿਆ ਹੈ।
– ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਦਿੱਲੀ
ਸੂਰਜਪਾਲ ਅੰਮੂ ਹਿਰਾਸਤ ‘ਚ
‘ਪਦਮਾਵਤ’ ਦਾ ਵਿਰੋਧ ਕਰ ਰਹੀ ਕਰਣੀ ਸੇਨਾ ਨੂੰ ਇਕ ਹੋਰ ਝਟਕਾ ਲੱਗਾ ਹੈ। ਕਰਨੀ ਸੇਨਾ ਦੇ ਨੇਤਾ ਸੂਰਜਪਾਲ ਅੰਮੂ ਨੂੰ ਗੁਰੂਗ੍ਰਾਮ ਤੋਂ ਹਿਰਾਸਤ ‘ਚ ਲਿਆ ਗਿਆ ਹੈ। ਉਨ੍ਹਾਂ ਨੂੰ ਹਿਰਾਸਤ ‘ਚ ਲੈਣ ਪਿਛੋਂ ਹਰਿਆਣਾ ਪੁਲਿਸ ਉਨ੍ਹਾਂ ਨੂੰ ਕਿਸੇ ਅਣਦੱਸੀ ਥਾਂ ‘ਤੇ ਲੈ ਗਈ ਹੈ।
– ਪਾਕਿਸਤਾਨ ਦੇ ਸੈਂਸਰ ਬੋਰਡ ਨੇ ‘ਪਦਮਾਵਤ’ ਦੇ ਇਕ ਵੀ ਦ੍ਰਿਸ਼ ‘ਤੇ ਕੈਂਚੀ ਚਲਾਏ ਬਿਨਾਂ ਇਸ ਨੂੰ ਸਾਰੇ ਦੇਸ਼ ‘ਚ ਦਿਖਾਉਣ ਦੀ ਆਗਿਆ ਦੇ ਦਿੱਤੀ ਹੈ। ਇਸਲਾਮਾਬਾਦ ਸਥਿਤ ਸੈਂਟਰਲ ਬੋਰਡ ਆਫ ਫਿਲਮ ਸੈਂਸਰਸ ਦੇ ਮੁਖੀ ਹਸਨ ਨੇ ਕਿਹਾ ਕਿ ਅਸੀਂ ਇਸ ਫਿਲਮ ਨੂੰ ਪਾਸ ਕਰ ਦਿੱਤਾ ਹੈ। ਫਿਲਮ ਨੂੰ ਯੂ ਸਰਟੀਫਿਕੇਟ ਦਿੱਤਾ ਗਿਆ ਹੈ। ਫਿਲਮ ਵਿਚ ਅਲਾਊਦੀਨ ਖਿਲਜੀ ਦੇ ਨੈਗੇਟਿਵ ਰੋਲ ਨੂੰ ਲੈ ਕੇ ਲੋਕਾਂ ਨੂੰ ਕੁਝ ਇਤਰਾਜ਼ ਸੀ ਪਰ ਫਿਰ ਵੀ ਇਹ ਫਿਲਮ ਰਿਲੀਜ਼ ਹੋਵੇਗੀ।
– ਫਿਲਮ ‘ਪਦਮਾਵਤ’ ਨੂੰ ਲੈ ਕੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲਿਆਂ ‘ਚ ਅੱਜ ਵਿਰੋਧ ਵਜੋਂ ਹੰਗਾਮਾ ਜਾਰੀ ਹੈ। ਉੱਤਰ ਪ੍ਰਦੇਸ਼ ‘ਚ ਮਥੁਰਾ ਦੀ ਅਖਿਲ ਭਾਰਤੀ ਬ੍ਰਿਜ ਮੰਡਲ ਕਸ਼ੱਤਰੀ ਰਾਜਪੂਤ ਸਭਾ ਨੇ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦਾ ਸਿਰ ਕਲਮ ਕਰ ਕੇ ਲਿਆਉਣ ਵਾਲੇ ਨੂੰ 51 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।