ਪਤੀ ਅਤੇ ਪਿਤਾ ਦੇ ਅੰਤਿਮ ਦਰਸ਼ਨਾਂ ਨੂੰ ਆਈਸੋਲੇਸ਼ਨ ਹੋਟਲ ਤੋਂ ਭੱਜਿਆ ਪਰਿਵਾਰ ਕਾਨੂੰਨੀ ਸ਼ਿਕੰਜੇ ਵਿਚ  

480
ਹੋਟਲ ਦੀ ਚਾਰ ਦੀਵਾਰੀ ਉਤੇ ਕਰੜੇ ਪ੍ਰਬੰਧ।  
Share

ਸਰਕਾਰ ਸਖਤ – ਪਰਿਵਾਰ ‘ਤੇ ਵਖਤ
ਔਕਲੈਂਡ, 27 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਕਰੋਨਾ ਦੇ ਚਲਦਿਆਂ ਅਤੇ ਕੁਝ ਘਟਨਾਵਾਂ ਤੋਂ ਸਬਕ ਲੈਂਦੀਆਂ ਸਰਕਾਰਾਂ ਦਿਨ ਬਰ ਦਿਨ ਸਖਤ ਹੋਈ ਜਾ ਰਹੀਆਂ ਹਨ ਪਰ ਇਸ ਦੌਰਾਨ ਜਿਨ੍ਹਾਂ ‘ਤੇ ਮਾੜਾ ਵਖਤ ਆਉਣ ਪੈਂਦਾ ਹੈ ਉਨ੍ਹਾਂ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ। ਬੀਤੀ ਰਾਤ ਇਥੇ ਦੇ ਸ਼ਹਿਰ ਹਮਿਲਟਨ ਤੋਂ ਇਕ 37 ਸਾਲਾ ਔਰਤ ਅਤੇ ਉਸਦੇ ਚਾਰ ਨੌਜਵਾਨ ਬੱਚੇ (18,17,16 ਅਤੇ 12) ਹੋਟਲ ਦੀ ਕੰਧ ਟੱਪ ਕੇ ਬਾਹਰ ਨਿਕਲ ਗਏ। ਬ੍ਰਿਸਬਨੇ ਆਸਟਰੇਲੀਆ ਤੋਂ ਆਏ ਇਸ ਪਰਿਵਾਰ ਦਾ ਉਦੇਸ਼ ਸੀ ਉਹ ਆਪਣੇ ਨਜ਼ਦੀਕੀ (ਔਰਤ ਦਾ ਪਤੀ ਅਤੇ ਬੱਚਿਆਂ ਦਾ ਪਿਤਾ) ਜੌ ਇਸ ਦੁਨੀਆ ਤੋਂ ਤੁਰ ਗਿਆ ਸੀ, ਔਕਲੈਂਡ ਜਾ ਕੇ ਅੰਤਿਮ ਦਰਸ਼ਨ ਕਰ ਲੈਣ। ਉਨ੍ਹਾਂ ਦੀ ਇਸ ਸਬੰਧੀ ਅਰਜੀ ਉਤੇ ਨਾਂਹ ਹੋ ਗਈ ਅਤੇ ਅੱਜ ਆਖਰੀ ਦਿਨ ਸੀ ਅੰਤਿਮ ਸੰਸਕਾਰ ਕਰਨ ਦਾ। ਇਹ ਪਰਿਵਾਰ ਕੰਧ ਟੱਪ ਕੇ ਨਿਕਲ ਤਾਂ ਗਿਆ ਪਰ ਮਾਂ ਅਤੇ ਤਿੰਨ ਬੱਚੇ ਪੁਲਿਸ ਨੇ ਜਲਦੀ ਕਾਬੂ ਕਰ ਲਏ ਜਦ ਕਿ ਇਕ 17 ਸਾਲਾ ਮੁੰਡਾ ਕਿਸੀ ਤਰ੍ਹਾਂ ਹਮਿਲਟਨ ਸ਼ਹਿਰ ਤੋਂ ਔਕਲੈਂਡ ਪਹੁੰਚ ਗਿਆ। ਇਹ ਮੁੰਡਾ ਆਪਣੇ ਪਿਤਾ ਦੇ ਕੋਲ 4 ਘੰਟੇ ਤੱਕ ਰਿਹਾ ਪਰ ਪੁਲਿਸ ਨੇ ਪਿੱਛਾ ਕਰਦਿਆਂ ਉਸਨੂੰ ਤੜਕੇ 4 ਵਜੇ ਗ੍ਰਿਫਤਾਰ ਕਰ ਲਿਆ। ਅੱਜ ਜਦੋਂ ਬੱਚਿਆਂ ਦੇ ਪਿਤਾ ਦਾ ਸੰਸਕਾਰ ਹੋ ਰਿਹਾ ਸੀ ਤਾਂ ਉਸ ਸਮੇਂ ਇਸ ਪਰਿਵਾਰ ਨੂੰ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਅਤੇ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਸਿਹਤ ਸਬੰਧੀ ਬਣਾਏ ਨਿਯਮ ਨੂੰ ਤੋੜਿਆ ਹੈ ਅਤੇ ਬਾਕੀ ਨਿਊਜ਼ੀਲੈਂਡ ਵਾਸੀਆਂ ਦੀ ਜਾਨ ਨੂੰ ਖਤਰਾ ਪੈਦਾ ਕੀਤਾ ਹੈ। ਬੱਚਿਆਂ ਦੀ ਮਾਂ ਦਾ ਕਹਿਣਾ ਹੈ ਕਿ ਬੱਚਿਆਂ ਲਈ ਪਿਤਾ ਦੇ ਅੰਤਿਮ ਦਰਸ਼ਨ ਕਰਨੇ ਇਕ ਬਹੁਤ ਮਹੱਤਵਪੂਰਨ ਮੌਕਾ ਹੁੰਦਾ ਹੈ ਪਰ ਸਰਕਾਰ ਨੇ ਇਸਨੂੰ ਵੀ ਜਰੂਰੀ ਨਹੀਂ ਸਮਝਿਆ। 12 ਸਾਲਾ ਬੱਚੇ ਉਤੇ ਕੋਈ ਦੋਸ਼ ਨਹੀਂ ਲਾਏ ਗਏ ਜਦ ਕਿ ਬਾਕੀਆਂ ਉਤੇ ਦੋਸ਼ ਲਗਾ ਕੇ ਕੇਸ ਦਰਜ ਕਰ ਲਿਆ ਗਿਆ ਹੈ। ਮਾਣਯੋਗ ਅਦਾਲਤ ਨੇ ਭਾਵੇਂ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਪਰ ਕਿਹਾ ਹੈ ਕਿ ਇਹ ਇਕ ਗੰਭੀਰ ਮਾਮਲਾ ਸੀ ਅਤੇ ਉਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ।  ਅਦਾਲਤ ਨੇ ਪਾਸਪੋਰਟ ਜਮ੍ਹਾ ਕਰਵਾਉਣ ਲਈ ਕਹਿ ਦਿੱਤਾ ਹੈ ਅਤੇ ਜਮਾਨਤਾ ਕਰ ਦਿੱਤੀਆਂ ਹਨ। ਸੋ ਪਰਿਵਾਰ ਹੁਣ ਕਾਨੂੰਨੀ ਸ਼ਿਕੰਜੇ ਵਿਚ ਫਸ ਕੇ ਰਹਿ ਗਿਆ ਹੈ।
ਮਾਣਯੋਗ ਅਦਾਲਤ ਨੇ ਪੁਲਿਸ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਅੰਤਿਮ ਸੰਸਕਾਰ ਵਾਲੀ ਵੀਡੀਓ ਫਿਲਮ ਬਣਾ ਕੇ ਪਰਿਵਾਰ ਨੂੰ ਦੇਣ ਦਾ ਪ੍ਰਬੰਧ ਕੀਤਾ ਜਾਵੇ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਸਿਰਫ 21 ਕਰੋਨਾ ਕੇਸ ਐਕਟਿਵ ਹਨ ਜੋ ਕਿ ਹੋਟਲਾਂ ਵਿਚ ਰੱਖੇ ਗਏ ਹਨ। ਸਾਰੇ ਕੇਸ ਬਾਹਰੋਂ ਆ ਰਹੇ ਲੋਕਾਂ ਦੇ ਹਨ ਅਤੇ ਸਥਾਨਿਕ ਪੱਧਰ ਉਤੇ ਕੋਈ ਕੇਸ ਨਹੀਂ ਹੈ।


Share