ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਭਾਜਪਾ ‘ਤੇ ਲਾਇਆ ਭੰਡੀ ਪ੍ਰਚਾਰ ਦਾ ਦੋਸ਼

74
Share

ਕਿਹਾ : ਅਸੀਂ ਭਾਜਪਾ ਵਿਰੋਧੀ ਹਾਂ ਦੇਸ਼ ਵਿਰੋਧੀ ਨਹੀਂ
-ਭਾਜਪਾ ਵੱਲੋਂ ਮਹਿਬੂਬਾ ਮੁਫ਼ਤੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ
ਸ੍ਰੀਨਗਰ/ਜੰਮੂ, 25 ਅਕਤੂਬਰ (ਪੰਜਾਬ ਮੇਲ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਕਿਹਾ ਕਿ ਹਾਲ ਹੀ ‘ਚ ਕਾਇਮ ਕੀਤਾ ਗਿਆ ‘ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲੇਰੇਸ਼ਨ’ (ਪੀ.ਏ.ਜੀ.ਡੀ.) ਇੱਕ ਭਾਜਪਾ ਵਿਰੋਧੀ ਮੰਚ ਹੈ, ਨਾ ਕਿ ਦੇਸ਼ ਵਿਰੋਧੀ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵੱਲੋਂ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੀ.ਏ.ਜੀ.ਡੀ. ਇੱਕ ਦੇਸ਼ ਵਿਰੋਧੀ ਮੰਚ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸੱਚ ਨਹੀਂ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਇਹ ਭਾਜਪਾ ਵਿਰੋਧੀ ਹੈ ਪਰ ਇਹ ਦੇਸ਼ ਵਿਰੋਧੀ ਨਹੀਂ ਹੈ।’ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਲਈ ਸੰਘਰਸ਼ ਵਾਸਤੇ ਪੀ.ਏ.ਜੀ.ਡੀ. ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਫਾਰੂਕ ਅਬਦੁੱਲ੍ਹਾ ਨੂੰ ਪੀ.ਏ.ਜੀ.ਡੀ. ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਧਾਰਾ 370 ਰੱਦ ਕਰਕੇ ਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡ ਕੇ ਸੰਘੀ ਢਾਂਚੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਜੰਮੂ ਕਸ਼ਮੀਰ ਤੇ ਲੱਦਾਖ ਦੇ ਲੋਕਾਂ ਦੇ ਅਧਿਕਾਰ ਸੁਰੱਖਿਅਤ ਹੋਣ।
ਊਧਰ ਜੰਮੂ ਕਸ਼ਮੀਰ ਭਾਜਪਾ ਨੇ ਮੰਗ ਕੀਤੀ ਹੈ ਕਿ ਕੌਮੀ ਝੰਡੇ ਬਾਰੇ ਟਿੱਪਣੀ ਕਰਨ ਦੇ ਦੋਸ਼ ਹੇਠ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਮਹਿਬੂਬਾ ਮੁਫ਼ਤੀ ਨੇ ਬੀਤੇ ਦਿਨ ਕਿਹਾ ਸੀ ਕਿ ਉਹ ਤਿਰੰਗਾ ਝੰਡਾ ਤਾਂ ਹੀ ਲਹਿਰਾਏਗੀ, ਜੇਕਰ ਜੰਮੂ-ਕਸ਼ਮੀਰ ਦਾ ਪਹਿਲਾਂ ਵਾਲਾ ਝੰਡਾ ਬਹਾਲ ਕੀਤਾ ਜਾਵੇਗਾ। ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ ਨੇ ਕਿਹਾ, ‘ਮੈਂ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੂੰ ਮਹਿਬੂਬਾ ਮੁਫ਼ਤੀ ਵੱਲੋਂ ਕੀਤੀ ਗਈ ਟਿੱਪਣੀ ਦਾ ਨੋਟਿਸ ਲੈਣ ਦੀ ਮੰਗ ਕਰਦਾ ਹਾਂ।’ ਉੱਧਰ ਸ਼ਿਵ ਸੈਨਾ ਡੋਗਰਾ ਫਰੰਟ (ਐੱਸ.ਐੱਸ.ਡੀ.ਐੱਫ.) ਨੇ ਵੀ ਇੱਥੇ ਮਹਿਬੂਬਾ ਮੁਫ਼ਤੀ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ।
ਭੜਕਾਊ ਬਿਆਨ ਤੋਂ ਗੁਰੇਜ਼ ਕਰਨ ਮਹਿਬੂਬਾ: ਕਾਂਗਰਸ
ਜੰਮੂ: ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੂਬੇ ਦੀ ਸਾਬਕਾ ਮੁੱਖ ਮਤਰੀ ਮਹਿਬੂਬਾ ਮੁਫ਼ਤੀ ਨੂੰ ਕੌਮੀ ਝੰਡੇ ਬਾਰੇ ਭੜਕਾਊ ਤੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦੇਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਵਿੰਦਰ ਸ਼ਰਮਾ ਨੇ ਕਿਹਾ ਕਿ ਅਜਿਹੇ ਬਿਆਨ ਕਿਸੇ ਵੀ ਸਮਾਜ ‘ਚ ਬਰਦਾਸ਼ਤਯੋਗ ਨਹੀਂ ਹੁੰਦੇ ਤੇ ਨਾ ਹੀ ਸਵੀਕਾਰ ਕੀਤੇ ਜਾਂਦੇ ਹਨ।


Share