ਕਾਠਮੰਡੂ, 26 ਨਵੰਬਰ (ਪੰਜਾਬ ਮੇਲ)- ਨੇਪਾਲ ਤੇ ਚੀਨ ਜਲਦੀ ਹੀ ਵਿਸ਼ਵ ਦੇ ਸਭ ਤੋਂ ਉੱਚੇ ਪਰਬੱਤ ਮਾਊਂਟ ਐਵਰੇਸਟ ਦੀ ਸੋਧੀ ਹੋਈ ਉਚਾਈ ਦਾ ਐਲਾਨ ਕਰਨਗੇ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚੀਨੀ ਰੱਖਿਆ ਮੰਤਰੀ ਦੀ ਅਗਾਮੀ ਨੇਪਾਲ ਫੇਰੀ ਮੌਕੇ ਇਹ ਐਲਾਨ ਹੋ ਸਕਦਾ ਹੈ। ਨੇਪਾਲ ਸਰਕਾਰ ਨੇ ਪਰਬੱਤ ਦੀ ਉਚਾਈ ਮਾਪਣ ਦਾ ਐਲਾਨ ਅਜਿਹੇ ਮੌਕੇ ਕੀਤਾ ਹੈ, ਜਦੋਂ ਇਹ ਬਹਿਸ ਸਿਖਰ ‘ਤੇ ਹੈ ਕਿ ਸਾਲ 2015 ਵਿਚ ਆਏ ਭੂਚਾਲ, ਜਿਸ ਵਿਚ ਵੱਡੀ ਪੱਧਰ ‘ਤੇ ਨੁਕਸਾਨ ਹੋਇਆ ਸੀ, ਸਮੇਤ ਹੋਰ ਕਈ ਕਾਰਨਾਂ ਕਰਕੇ ਮਾਊਂਟ ਐਵਰੈਸਟ ਦੀ ਉਚਾਈ ਪਹਿਲਾਂ ਦੇ ਮੁਕਾਬਲੇ ਕੁਝ ਘਟੀ ਹੈ। ਭਾਰਤੀ ਸਰਵੇ ਵੱਲੋਂ 1954 ‘ਚ ਕੀਤੀ ਪੈਮਾਇਸ਼ ਮੁਤਾਬਕ ਮਾਊਂਟ ਐਵਰੈਸਟ ਦੀ ਉਚਾਈ 8848 ਮੀਟਰ ਸੀ। 1975 ‘ਚ ਚੀਨੀ ਸਰਵੇਖਣਕਾਰਾਂ ਨੇ ਪਰਬੱਤ ਦੀ ਉਚਾਈ ਸਮੁੰਦਰ ਦੀ ਸਤਹਿ ਤੋਂ 8848.13 ਮੀਟਰ ਦੱਸੀ ਸੀ।