ਨਿੱਜਰ ਬ੍ਰਦਰਜ਼ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ

131
Share

ਮਡੇਰਾ, 2 ਦਸੰਬਰ (ਪੰਜਾਬ ਮੇਲ)- ਪੰਜਾਬ ਸਮੇਤ ਭਾਰਤ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਅੰਦੋਲਨ ਕੀਤਾ ਜਾ ਰਿਹਾ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਇਸ ਅੰਦੋਲਨ ਨੂੰ ਪੂਰੀ ਹਮਾਇਤ ਦਿੱਤੀ ਜਾ ਰਹੀ ਹੈ। ਮਡੇਰਾ ਦੇ ਨਿੱਜਰ ਬ੍ਰਦਰਜ਼ ਵੱਲੋਂ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਗਿਆ। ਸੁਰਿੰਦਰ ਸਿੰਘ ਨਿੱਜਰ ਤੇ ਅੰਮ੍ਰਿਤਪਾਲ ਸਿੰਘ ਨਿੱਜਰ ਨੇ ਕਿਹਾ ਕਿ ਪੰਜਾਬ ਸਮੇਤ ਭਾਰਤ ਦੇ ਕਿਸਾਨਾਂ ਵਲੋਂ ਹੱਕੀ ਮੰਗਾਂ ਦੀ ਪੂਰਤੀ ਵਾਸਤੇ ਕੀਤਾ ਜਾ ਰਿਹਾ ਕਿਸਾਨ ਅੰਦੋਲਨ ਹਰ ਪੱਖ ਤੋਂ ਜਾਇਜ਼ ਹੈ। ਉਨ੍ਹਾਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਕੀਤੇ ਗਏ ਸਰਕਾਰੀ ਤਸ਼ੱਦਦ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨ ਜੇਕਰ ਵਾਪਸ ਨਹੀਂ ਹੁੰਦੇ, ਤਾਂ ਜਿੱਥੇ ਕਿਸਾਨਾਂ ਦਾ ਭਵਿੱਖ ਤਬਾਹ ਹੋਣ ਦਾ ਖਦਸ਼ਾ ਹੈ, ਉਥੇ ਕਿਸਾਨੀ ‘ਤੇ ਨਿਰਭਰ ਵਪਾਰੀ ਵਰਗ ਨੂੰ ਵੀ ਵੱਡਾ ਝਟਕਾ ਲੱਗਣ ਦੇ ਅਸਾਰ ਹਨ। ਇਸ ਅੰਦੋਲਨ ‘ਚ ਪੰਜਾਬ ਦੇ ਨੌਜਵਾਨ ਵਰਗ ਤੇ ਬੀਬੀਆਂ ਵੱਲੋਂ ਵੀ ਉਤਸ਼ਾਹੀ ਭੂਮਿਕਾ ਨਿਭਾਏ ਜਾਣ ਦੀ ਉਨ੍ਹਾਂ ਸ਼ਲਾਘਾ ਕੀਤੀ।  ਸੁਰਿੰਦਰ ਸਿੰਘ ਨਿੱਜਰ, ਅੰਮ੍ਰਿਤਪਾਲ ਸਿੰਘ ਨਿੱਜਰ, ਵਰਿੰਦਰ ਸਿੰਘ ਨਿੱਜਰ ਤੇ ਜਗਬੀਰ ਸਿੰਘ ਨਿੱਜਰ ਨੇ ਸਾਂਝੇ ਬਿਆਨ ‘ਚ ਭਾਰਤ ਸਰਕਾਰ ਤੋਂ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕ ਇਸ ਕਿਸਾਨ ਅੰਦੋਲਨ ‘ਚ ਹਿੱਸਾ ਲੈ ਰਹੇ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਲਈ ਤਿਆਰ ਖੜ੍ਹੇ ਹਨ।


Share