ਨਿੱਕ ਸਹੋਤਾ ਵੱਲੋਂ ਸੈਲਮਾ ਸਕੂਲ ਬੋਰਡ ਦੀ ਚੋਣ ਲਈ ਵੋਟਰਾਂ ਨੂੰ ਅਪੀਲ

85
Share

ਫਰਿਜ਼ਨੋ, 23 ਸਤੰਬਰ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ/ਪੰਜਾਬ ਮੇਲ)-ਅਮਰੀਕਾ ‘ਚ ਤਿੰਨ ਨਵੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੌਰਾਨ ਵੱਖੋ-ਵੱਖ ਅਸਾਮੀਆਂ ਲਈ ਪੰਜਾਬੀ ਉਮੀਦਵਾਰ ਵੀ ਆਪੋ-ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੇ ਲਾਗਲੇ ਸ਼ਹਿਰ ਸੈਲਮਾ ਤੋਂ ਇੰਜੀਨੀਅਰ ਨਰਿੰਦਰ ਸਿੰਘ ਸਹੋਤਾ (ਨਿੱਕ ਸਹੋਤਾ) ਵੀ ਸੈਲਮਾ ਸਕੂਲ ਬੋਰਡ ਏਰੀਆ 2 ਲਈ ਟਰੱਸਟੀ ਦੀ ਚੋਣ ਲੜ ਰਹੇ ਹਨ। ਕੋਵਿਡ-19 ਦੇ ਚੱਲਦਿਆਂ ਪਿਛਲੇ ਦਿਨੀਂ ਸੈਲਮਾ ਵਿਖੇ ਆਪਣੇ ਦਫਤਰ ਵਿਚ ਉਨ੍ਹਾਂ ਗਿਣਤੀ ਦੇ ਆਪਣੇ ਸਪੋਰਟਰਾਂ ਨਾਲ ਮੀਟਿੰਗ ਕੀਤੀ ਅਤੇ ਮੀਡੀਏ ਜ਼ਰੀਏ ਪੰਜਾਬੀ ਭਾਈਚਾਰੇ ਨੂੰ ਵੋਟਾਂ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਬੋਰਡ ਵਿਚ ਬਹੁਤ ਕੁਝ ਐਸਾ ਹੈ, ਜਿਸਨੂੰ ਠੀਕ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੋਵੇਗੀ ਕਿ ਸਕੂਲ ਬੋਰਡ ਲਈ ਬਰਾਬਰ ਫੰਡ ਮਿਲਣ, ਬੇਰੁਜ਼ਗਾਰ ਅਧਿਆਪਕਾਂ ਨੂੰ ਕੰਮ ‘ਤੇ ਰੱਖਿਆ ਜਾਵੇ, ਬੱਚਿਆਂ ਨੂੰ ਕੋਵਿਡ ਕਰਕੇ ਇੰਟਰਨੈਂਟ ਦੀ ਮੁਸ਼ਕਲ ਨਾ ਆਵੇ, ਅਤੇ ਨਾਲੇ ਉਨ੍ਹਾਂ ਕਿਹਾ ਕਿ ਮੈਂ ਪਹਿਲ ਦੇ ਆਧਾਰ ‘ਤੇ ਸੈਲਮਾ ਸਕੂਲ ਬੋਰਡ ਦੇ ਸਕੂਲਾਂ ਵਿਚ ਪੰਜਾਬੀ ਕਲਾਸ ਸ਼ੁਰੂ ਕਰਵਾਉਣ ਲਈ ਸਿਰ-ਤੋੜ ਯਤਨ ਕਰਾਂਗਾ, ਤਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਪੰਜਾਬੀਅਤ ਨਾਲ ਜੋੜਿਆ ਜਾ ਸਕੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈਂ ਪਿਛਲੇ ਤੀਹ ਸਾਲ ਤੋਂ ਫਰਿਜ਼ਨੋ ਏਰੀਏ ਵਿਚ ਰਹਿ ਰਿਹਾ ਹਾਂ ਅਤੇ ਵੱਖੋ-ਵੱਖ ਕਲੱਬਾਂ ਅਤੇ ਸੰਸਥਾਵਾਂ ਜ਼ਰੀਏ ਕਮਿਊਨਿਟੀ ਦੀ ਸੇਵਾ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਰੋਟਰੀ ਕਲੱਬ ਦਾ ਸਾਬਕਾ ਪ੍ਰਧਾਨ ਵੀ ਰਿਹਾ ਹਾਂ ਅਤੇ ਉਦੋਂ ਤੋਂ ਹੀ ਅਸੀਂ ਸੈਲਮਾ ਸਕੂਲ ਬੋਰਡ ਦੇ ਬੱਚਿਆਂ ਦੀ ਮਦਦ ਕਰਦੇ ਆ ਰਹੇ ਹਾਂ। ਉਨ੍ਹਾਂ ਦੱਸਿਆ ਕਿ ਉਹ ਤਕਰੀਬਨ ਤੇਰਾਂ ਸਾਲ ਦੀ ਉਮਰ ‘ਚ ਅਮਰੀਕਾ ਆਇਆ ਸੀ, ਇੱਥੇ ਆ ਕੇ ਫਰਿਜ਼ਨੋ ਏਰੀਏ ਤੋਂ ਸਕੂਲਿੰਗ ਕੀਤੀ ਤੇ ਉਸ ਸਮੇਂ ਮੇਰੇ ਜੂੜਾ ਰੱਖਿਆ ਹੁੰਦਾ ਸੀ ਤੇ ਸਕੂਲ ਵਿਚ ਬਹੁਤ ਵਾਰੀ ਬੁਲਿੰਗ ਦਾ ਸ਼ਿਕਾਰ ਵੀ ਹੋਣਾ ਪਿਆ। ਉਨ੍ਹਾਂ ਕਿਹਾ ਕਿ ਹੋਰ ਕਿਸੇ ਸਟੂਡੈਂਟ ਨੂੰ ਮੇਰੇ ਵਰਗੇ ਹਲਾਤਾਂ ਵਿਚੋਂ ਨਾ ਲੰਘਣਾ ਪਵੇ, ਇਸ ਕਰਕੇ ਮੈਂ ਸਕੂਲ ਬੋਰਡ ਦੇ ਟਰੱਸਟੀ ਦੀ ਚੋਣ ਲੜ ਰਿਹਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਕਮਿਊਨਿਟੀ ਮੈਨੂੰ ਆਪਣੀ ਆਵਾਜ਼ ਦੇ ਤੌਰ ‘ਤੇ ਜ਼ਰੂਰ ਚੁਣ ਕੇ ਭੇਜੇਗੀ ਅਤੇ ਅਗਰ ਕਿਸੇ ਨੂੰ ਕੋਈ ਸ਼ੰਕਾ ਹੋਵੇ, ਉਹ ਮੇਰੀ ਪ੍ਰੋਫਾਇਲ VOTE4SAHOTA.com ‘ਤੇ ਜਾ ਕੇ ਉਸ ਸ਼ੰਕਾ ਨੂੰ ਦੂਰ ਕਰ ਸਕਦਾ ਹੈ।


Share