ਨਿਊਜ਼ੀਲੈਂਡ ਪਰਤੇ ਭਾਰਤੀ ਅਤੇ ਪਾਕਿਸਤਾਨੀ ਯਾਤਰੀ ਨਿਕਲੇ ਕਰੋਨਾ ਪਾਜ਼ੇਟਿਵ-ਕੁੱਲ ਕੇਸ ਹੋਏ 9

276
Share

ਔਕਲੈਂਡ, 22 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਵਿਚ ਲਗਦਾ ਹੈ ਕਰੋਨਾ ਮੁੜ ਰੋੜ੍ਹੇ ਪੈ ਗਿਆ ਹੈ ਅਤੇ ਰੋਜ਼ਾਨਾ ਔਸਤਨ 2 ਦੀ ਗਿਣਤੀ ਵਧਣ ਲੱਗੀ ਹੈ। ਅੱਜ ਸਿਹਤ ਮੰਤਰਾਲੇ ਨੇ ਦੱਸਿਆ ਕਿ ਹੁਣ ਦੇਸ਼ ਵਿਚ 2 ਹੋਰ ਨਵੇਂ ਕੇਸ ਸ਼ਾਮਿਲ ਹੋ ਗਏ ਹਨ ਜਿਸ ਤੋਂ ਬਾਅਦ ਕੁੱਲ ਐਕਟਿਵ ਕੇਸਾਂ ਦੀ ਗਿਣਤੀ 9 ਹੋ ਗਈ ਹੈ। ਇਹ ਦੋਵੇਂ ਕੇਸ ਮੈਨੇਡ ਆਈਸੋਲੇਸ਼ਨ ਹੋਟਲਾਂ ਤੋਂ ਸਾਹਮਣੇ ਆਏ ਹਨ। ਇਨ੍ਹਾਂ ਵਿਚ ਇਕ ਨੌਜਵਾਨ ਮਹਿਲਾ ਹੈ ਜੋ ਪਾਕਿਸਤਾਨ ਤੋਂ 13 ਜੂਨ ਨੂੰ ਪਰਤੀ ਹੈ ਅਤੇ ਦੂਜਾ ਕੇਸ 30 ਸਾਲਾ ਭਾਰਤੀ ਪੁਰਸ਼ ਹੈ ਜੋ 15 ਜੂਨ ਨੂੰ ਇਥੇ ਆਇਆ ਸੀ। ਇਸ ਪੁਰਸ਼ ਨੇ ਆਪਣੇ ਭੈਣਾਂ-ਭਰਾਵਾਂ ਤੇ ਮਾਂ ਨਾਲ ਯਾਤਰਾ ਕੀਤੀ ਹੈ ਪਰ ਬਾਕੀ ਦੇ ਨੈਗੇਟਿਵ ਪਾਏ ਗਏ। ਐਤਵਾਰ ਨੂੰ ਕੁੱਲ 3402 ਟੈੱਸਟ ਪੂਰੇ ਕੀਤੇ ਗਏ ਸਨ। ਦੇਸ਼ ਭਰ ਵਿੱਚ ਮੈਨੇਜਡ ਆਈਸੋਲੇਸ਼ਨ ਸੁਵਿਧਾਵਾਂ ‘ਤੇ 500 ਤੋਂ ਵੱਧ ਟੈੱਸਟ ਕੀਤੇ ਗਏ। ਦੇਸ਼ ਭਰ ਵਿੱਚ ਹੁਣ ਤੱਕ ਮੁਕੰਮਲ ਹੋਏ ਟੈੱਸਟਾਂ ਦੀ ਗਿਣਤੀ 344,519 ਹੋ ਗਈ ਹੈ।
ਇੱਕ ਮਹੱਤਵਪੂਰਨ ਕਲੱਸਟਰ ਸੈਂਟਰ ਮਾਰਗ੍ਰੇਟ ਹਾਲੇ ਓਪਨ ਹੈ। ਕੁੱਲ ਮਿਲਾ ਕੇ ਦੇਸ਼ ਭਰ ਵਿੱਚ 1513 ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸ ਹੋ ਗਏ ਹਨ, ਜਦੋਂ ਕਿ ਕੋਵਿਡ -19 ਤੋਂ 1482 ਲੋਕੀ ਰਿਕਵਰ ਹੋਏ ਹਨ। ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਦੇ ਸਾਰੇ ਨਵੇਂ ਕੇਸ ਵਿਦੇਸ਼ੀ ਯਾਤਰੀਆਂ ਨਾਲ ਜੁੜੇ ਹੋਏ ਹਨ। ਬਲੂਮਫੀਲਡ ਨੇ ਕਿਹਾ ਕਿ ਹਾਲੇ ਹੋਰ ਕੇਸਾਂ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਕੀਵੀਜ਼ ਵਿਦੇਸ਼ਾਂ ਤੋਂ ਘਰ ਵਾਪਸ ਪਰਤ ਰਹੇ ਹਨ। ਪਰ ਇਸ ਵੇਲੇ ਕੋਈ ਵੀ ਹਸਪਤਾਲ ਦੇ ਵਿਚ ਨਹੀਂ ਹੈ ਸਾਰੇ ਪਾਜ਼ੇਟਿਵ ਮਰੀਜਾਂ ਨੂੰ ਕੁਆਰਨਟਾਈਨ ਸਹੂਲਤ ਦੇ ਵਿਚ ਤਬਦੀਲ ਕਰ ਦਿੱਤਾ ਗਿਆ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਵੀ ਅੱਜ ਸਿਹਤ ਸੰਭਾਲ ਨੂੰ ਲੈ ਕੇ ਅਤੇ ਕਰੋਨਾ ਨੂੰ ਬਾਰਡਰ ਉਤੇ ਹੀ ਰੋਕਣ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ਤੋਂ ਬਾਅਦ ਦੇਸ਼ ਵਿਚ ਦਾਖਿਲ ਹੋਣ ਉਤੇ ਤੁਹਾਨੂੰ ਆਪਣਾ ਟੈਸਟ ਰਿਜਲਟ ਕਰਵਾਉਣਾ ਪਵੇਗਾ।


Share