ਨਿਊਜ਼ੀਲੈਂਡ ਨੈਸ਼ਨਲ ਪਾਰਟੀ ਨੇ ਜੂਠਿਤ ਕੌਲਿਨਜ਼ ਨੂੰ ਚੁਣਿਆ ਆਪਣਾ ਨੇਤਾ-ਗੈਰੀ ਬ੍ਰਾਊਨਲੀ ਬਣੇ ਉਪ ਨੇਤਾ

617
ਨੈਸ਼ਨਲ ਪਾਰਟੀ ਨਿਊਜ਼ੀਲੈਂਡ ਦੀ ਨਵੀਂ ਚੁਣੀ ਗਈ ਨੇਤਾ  ਜੂਠਿਤ ਕੌਲਿਨਜ਼ ਅਤੇ ਉਪ ਨੇਤਾ ਗੈਰੀ ਬ੍ਰਾਊਨਲੀ।
Share

ਦਿਲਚਸਪ: ਮਹਿਲਾ ਦਾ ਮੁਕਾਬਲਾ ਹੁਣ ਮਹਿਲਾ ਨਾਲ
ਔਕਲੈਂਡ 14 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੀ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ ਸਿਰਫ 53 ਦਿਨ ਨੇਤਾ ਰਹੇ ਸ੍ਰੀ ਟੌਡ ਮੁੱਲਰ ਨੇ ਅੱਜ ਸਵੇਰੇ ਅਸਤੀਫਾ ਦੇ ਦਿੱਤਾ ਤਾਂ ਨੈਸ਼ਨਲ ਪਾਰਟੀ ਦੇ ਵਿਚ ਖਲਬਲੀ ਮੱਚ ਗਈ। ਅੱਜ ਸਾਰਾ ਦਿਨ ਪਾਰਟੀ ਦੀਆਂ ਚੱਲੀਆਂ ਮੀਟਿੰਗਾਂ ਤੋਂ ਬਾਅਦ ਰਾਤ ਨੂੰ ਜਾ ਕੇ ਨਵੇਂ ਨੇਤਾ ਦੇ ਤੌਰ ‘ਤੇ ਆਖਿਰ ਪਾਪਾਕੁਰਾ ਹਲਕੇ ਦੀ ਮੈਂਬਰ ਪਾਰਲੀਮੈਂਟ ਸ੍ਰੀਮਤੀ ਜੂਠਿਤ ਕੌਲਿਨਜ਼ (61) ਨੂੰ ਪਾਰਟੀ ਦਾ ਨੇਤਾ ਚੁਣ ਲਿਆ ਗਿਆ ਜਦ ਕਿ ਉਪ ਨੇਤਾ ਦੇ ਤੌਰ ‘ਤੇ ਗੈਰੀ ਬ੍ਰਾਊਨਲੀ (ਸਾਂਸਦ ਕ੍ਰਾਈਸਟਚਰਚ) ਨੂੰ ਚੁਣ ਲਿਆ ਗਿਆ। ਜੂਠਿਤ ਕੌਲਿਨ ਨੇਤਾ ਦੀ ਦੌੜ ਵਿਚ ਪਿਛਲੇ ਤਿੰਨ ਮੌਕਿਆਂ ਉਤੇ ਮੋਹਰੀ ਰਹੀ ਹੈ, ਪਰ ਰਹਿ ਜਾਂਦੀ ਸੀ ਪਰ ਹੁਣ ਤੀਜਾ ਮੌਕਾ ਭਾਗਸ਼ਾਲੀ ਹੋ ਨਿਬੜਿਆ। ਦੇਸ਼ ਦੀਆਂ 19 ਸਤੰਬਰ ਨੂੰ ਹੋ ਰਹੀਆਂ ਆਮ ਚੋਣਾਂ ਦੇ ਵਿਚ ਹੁਣ ਦਿਲਚਸਪ ਗੱਲ ਇਹ ਰਹੇਗੀ ਕਿ ਹੁਣ ਪ੍ਰਧਾਨ ਮੰਤਰੀ ਦੇ ਪਦ ਲਈ ਦੋ ਮਹਿਲਾਵਾਂ  ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਨੈਸ਼ਨਲ ਪਾਰਟੀ ਦੀ ਨੇਤਾ ਬਣੀ ਜੂਠਿਤ ਕੌਲਿਨਜ਼ (ਲੇਬਰ ਅਤੇ ਨੈਸ਼ਨਲ ਪਾਰਟੀ ਨੇਤਾ) ਦੇ ਵਿਚ ਰੌਚਿਕ ਮੁਕਾਬਲਾ ਹੋਵੇਗਾ। ਨੈਸ਼ਨਲ ਦੀ ਨੇਤਾ ਨੇ ਕਿਹਾ ਕਿ ਉਸਦੀ ਪਹਿਲ ਕੀਵੀ ਲੋਕਾਂ ਨੂੰ ਵਾਪਿਸ ਕੰਮ ਦਿਵਾਉਣਾ ਹੋਵੇਗਾ ਤੇ ਆਮ ਚੋਣਾ ਦੇ ਵਿਚ ਜਿੱਤ ਪ੍ਰਾਪਤ ਕਰਨਾ ਹੋਵੇਗਾ।

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ  ਨੈਸ਼ਨਲ ਨੇਤਾ ਬਣੀ ਜੂਠਿਤ ਕੌਲਿਨਜ਼ ਇਕ ਰਾਤਰੀ ਭੋਜ ‘ਤੇ।

ਵਰਨਣਯੋਗ ਹੈ ਕਿ ਜੂਠਿਤ ਕੌਲਿਨਜ਼ 18 ਸਾਲ ਤੋਂ ਐਮ. ਪੀ. ਹੈ ਅਤੇ ਕਦੇ ਵੀ ਹਾਰੀ ਨਹੀਂ ਹੈ। ਜੂਠਿਤ ਕੌਲਿਨਜ਼ 2002 ਦੇ ਵਿਚ ਕਲੀਵਡਨ ਹਲਕੇ ਤੋਂ ਪਹਿਲੀ ਵਾਰ ਸਾਂਸਦ ਚੁਣੀ ਗਈ ਸੀ ਅਤੇ ਫਿਰ ਹਲਕਾਬੰਦੀ ਤੋਂ ਬਾਅਦ ਹਲਕਾ ਪਾਪਾਕੁਰਾ ਤੋਂ ਲਗਾਤਾਰ 2008, 2011, 2014 ਅਤੇ 2017 ਤੋਂ ਸਾਂਸਦ ਚੱਲੀ ਆ ਰਹੀ ਹੈ।  ਉਹ ਪੁਲਿਸ ਮੰਤਰੀ, ਜ਼ੇਲ੍ਹ ਮੰਤਰੀ, ਨਿਆਂ ਮੰਤਰੀ, ਏਥਨਿਕ ਮੰਤਰੀ ਅਤੇ ਏ.ਸੀ.ਸੀ. ਮੰਤਰੀ ਵੀ ਰਹਿ ਚੁੱਕੀ ਹੈ। ਉਹ ਵਕਾਲਤ ਵਿਚ ਮਾਸਟਰ ਪਾਸ ਹੈ। ਇਕ ਗੱਲ ਹੋਰ ਵੀ ਮਜ਼ੇਦਾਰ ਹੈ ਕਿ ਜੂਠਿਤ ਕੌਲਿਨਜ਼ ਵੀ ਹਮਿਲਟਨ ਸ਼ਹਿਰ ਦੀ ਜੰਮਪਲ ਹੈ ਜਦ ਕਿ ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਉਸੇ ਹਮਿਲਟਨ ਸ਼ਹਿਰ ਦੀ ਜੰਮਪਲ ਹੈ। ਜੂਠਿਤ ਕੌਲਿਨਜ਼ ਦਾ ਪਤੀ ਚਾਈਨੀਜ਼-ਸਾਮੋਅਨ ਹੈ ਅਤੇ ਇਨ੍ਹਾਂ ਦਾ ਇਕ ਪੁੱਤਰ ਹੈ। ਹਲਕਾ ਪਾਪਾਕੁਰਾ ਵਿਖੇ ਭਾਰਤੀ ਖਾਸ ਕਰ ਪੰਜਾਬੀਆਂ ਦੀ ਸੰਘਣੀ ਵਸੋਂ ਹੈ। ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਸ਼ੁੱਭ ਆਰੰਭ ਵੀ ਸਾਂਸਦ ਜੂਠਿਤ ਕੌਲਿਨਜ਼ ਵੱਲੋਂ ਕੀਤਾ ਗਿਆ ਸੀ। ਏਥਨਿਕ ਮੰਤਰੀ ਹੁੰਦਿਆ ਭਾਰਤੀ ਭਾਈਚਾਰੇ ਨਾਲ ਉਨ੍ਹਾਂ ਦਾ  ਕਾਫੀ ਮਿਲਵਰਤਣ ਰਿਹਾ ਹੈ। ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤੀ ਕਿਹੜੇ ਪਾਸੇ ਆਪਣਾ ਝੁਕਾਅ ਰੱਖਦੇ ਹਨ। ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਨੇਤਾ ਜੂਠਿਤ ਕੌਲਿਨਜ਼ ਨੂੰ ਵਧਾਈ ਦਿੱਤੀ ਹੈ। ਸ. ਬਖਸ਼ੀ ਅਤੇ ਜੂਠਿਤ ਕੌਲਿਨਜ਼ ਦੀ ਆਪਸੀ ਕਾਫੀ ਬਣਦੀ ਹੈ ਅਤੇ ਬਹੁਤ ਸਾਰੇ ਸਮਾਗਮਾਂ ਉਤੇ ਉਹ ਇਕੱਠੇ ਹੁੰਦੇ ਹਨ।


Share