ਨਿਊਜ਼ੀਲੈਂਡ ਦੀ 53ਵੀਂ ਪਾਰਲੀਮੈਂਟ ਦੇ ਵਿਚ ਇਸ ਵਾਰ ਪਹੁੰਚੇ 40 ਨਵੇਂ ਸੰਸਦ ਮੈਂਬਰ

68
Share

ਸਾਂਝਾ ਮੁਲਕ-ਸਾਂਝੀ ਸੰਸਦ
-ਨੌਜਵਾਨ ਵਰਗ ਦੀ ਸ਼ਮੂਲੀਅਤ ਨੇ ਸ਼ੁਰੂ ਕੀਤਾ ਨਵਾਂ ਅਧਿਆਏ
ਆਕਲੈਂਡ, 18 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਨੂੰ ਵਿਭਿੰਨ ਸਭਿਆਚਾਰ ਰੱਖਣ ਵਾਲੇ ਲੋਕਾਂ ਦਾ ਮੁਲਕ ਮੰਨਿਆ ਜਾਂਦਾ ਹੈ। ਇਥੇ ਦੀ ਨਾਗਰਿਕਤਾ ਮਿਲਣ ਬਾਅਦ ਲੋਕ ਇਸ ਦੇਸ਼ ਨੂੰ ਗੋਦ ਲੈਣ ਵਾਂਗ ਮਹਿਸੂਸ ਕਰਦੇ ਹਨ ਅਤੇ ਇਸ ਦੇਸ਼ ਦੇ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਮਾਣ ਵਾਲੀ ਗੱਲ ਸਮਝਦੇ ਹਨ। ਬੀਤੇ ਕੱਲ੍ਹ 53ਵੀਂ ਸੰਸਦ ਦੇ ਲਈ ਵੋਟਾਂ ਪਈਆਂ ਜਿਸ ਦੇ ਵਿਚ ਲੇਬਰ ਪਾਰਟੀ ਨੇ 49.1% ਪਾਰਟੀ ਵੋਟ ਲੈ ਕੇ ਕੁੱਲ 64 ਸੀਟਾਂ ‘ਤੇ ਜਿੱਤ ਦਰਜ ਕਰ ਲਈ। ਇਸ ਵਾਰ ਖਾਸ ਗੱਲ ਇਹ ਹੈ ਕਿ 40 ਅਜਿਹੀਆਂ ਸਖਸ਼ੀਅਤਾਂ ਹਨ ਜਿਹੜੀਆਂ ਪਹਿਲੀ ਵਾਰ ਪਾਰਲੀਮੈਂਟ ਜਾ ਰਹੀਆਂ ਹਨ। ਇਨ੍ਹਾਂ ਵਿਚ 26 ਸਾਲ ਤੱਕ ਦੀ ਇਕ ਕੁੜੀ ਵੀ ਸ਼ਾਮਿਲ ਹੈ। ਵਿਭਿੰਨਤਾ ਦੀ ਮਿਸਾਲ ਪੇਸ਼ ਕਰਦੀ ਇਸ ਵਾਰ ਦੀ ਸੰਸਦ ਜਿੱਥੇ ਭਾਰਤੀ ਮੂਲ ਦੇ ਦੋ ਸਾਂਸਦਾਂ ਨੂੰ ਸੀਟ ਦੇਵੇਗੀ ਉਥੇ ਪਹਿਲੀ ਵਾਰ ਅਫਰੀਕਨ, ਲੈਟਿਨ ਅਮਰੀਕ ਅਤੇ ਸ੍ਰੀ ਲੰਕਾ ਤੋਂ ਪਹੁੰਚੇ ਉਮੀਦਵਾਰ ਵੀ ਪਹੁੰਚਣਗੇ। ਪਾਰਟੀ ਵੋਟ ਦੇ ਅਧਾਰ ਉਤੇ 45 ਦੇ ਕਰੀਬ ਸੰਸਦ ਮੈਂਬਰ ਬਣੇ ਹਨ। ਲੇਬਰ ਪਾਰਟੀ ਨੂੰ ਇਸ ਵਾਰ ਇਹ ਵੀ ਫਾਇਦਾ ਹੋਇਆ ਕਿ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ 12 ਸਾਂਸਦ ਰਿਟਾਇਰ ਹੋ ਗਏ, 6 ਹੋਰ ਸਾਂਸਦ ਦੂਜੀਆਂ ਪਾਰਟੀਆਂ ਦੇ ਛੱਡ ਗਏ ਜਿਸ ਕਰਕੇ ਲੇਬਰ ਇਥੇ ਵੀ ਕਾਬਜ ਹੋ ਗਈ।
24 ਸਾਲਾ ਕੁੜੀ ਬਣੀ ਸਾਂਸਦ: ਅਰੀਨਾ ਵਿਲੀਅਮਜ਼ ਜਿਸ ਦੀ ਉਮਰ ਸਿਰਫ 24 ਸਾਲ ਹੈ ਪਹਿਲੀ ਵਾਰ ਸਾਂਸਦ ਬਣ ਕੇ ਪਾਰਲੀਮੈਂਟ ਗਈ ਹੈ। ਇਸਦਾ ਹਲਕਾ ਮੈਨੁਰੇਵਾ ਹੈ ਜਿੱਥੇ ਭਾਰਤੀਆਂ ਦੀ ਸੰਘਣੀ ਵਸੋਂ ਹੈ। ਔਕਲੈਂਡ ਯੂਨੀਵਰਸਿਟੀ ਸਟੂਡੈਂਟ ਐਸੋਸੀਏਸ਼ਨ ਦੀ ਇਹ ਪ੍ਰਧਾਨ ਰਹਿ ਚੁੱਕੀ ਹੈ। ਲੇਬਰ ਪਾਰਟੀ ਦੀ ਇਹ ਸਭ ਤੋਂ ਛੋਟੀ ਉਮਰ ਦੀ ਸਾਂਸਦ ਬਣੀ ਹੈ। ਅਰੀਨਾ ਵਿਲੀਅਮ ਪਾਪਾਕੁਰਾ ਦੀ ਜੰਮਪਲ ਹੈ ਅਤੇ ਕਾਰਪੋਰੇਟ ਲਾਅ ਫਰਮ ਕੰਮ ਕਰਦੀ ਰਹੀ ਹੈ ਅਤੇ ਕਮਿਊਨਿਟੀ ਆਰਗੇਨਾਈਜਰ ਹੈ।
26 ਸਾਲਾ ਚਾਈਨੀਜ ਕੁੜੀ ਬਣੀ ਸਾਂਸਦ: ਨਵੇਂ ਚੁਣੇ ਸਾਂਸਦਾ ਦੇ ਵਿਚੋਂ ਦੂਜੀ ਛੋਟੀ ਉਮਰ ਦੀ ਚੀਨ ਦੀ ਜਨਮੀ 26 ਸਾਲਾ ਨੈਸੀ ਚੇਨ ਭਾਵੇਂ ਬੋਟਨੀ ਹਲਕੇ ਤੋਂ ਵੋਟਾਂ ਵਿਚ ਹਾਰ ਗਈ ਪਰ ਲਿਸਟ ਸਾਂਸਦ ਦੇ ਵਿਚ ਨੰਬਰ 38 ਉਤੇ ਹੋਣ ਕਰਕੇ ਸਾਂਸਦ ਬਣ ਗਈ। ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਇਹ ਕੁੜੀ ਨਿਊਜ਼ੀਲੈਂਡ ਚਾਈਨੀਜ ਸਟੂਡੈਂਟ ਐਸੋਸੀਏਸ਼ਨ ਦੀ 2016 ਦੇ ਵਿਚ ਪ੍ਰਧਾਨ ਰਹੀ। ਇਸਦਾ ਪਿਤਾ ਕ੍ਰਿਸਚੀਅਨ ਪਾਸਟਰ ਹੈ ਜਦ ਕਿ ਮਾਤਾ ਡਾਕਟਰ ਹੈ।
27 ਸਾਲਾ ਕੁੜੀ ਬਣੀ ਸਾਂਸਦ: ਐਕਟ ਪਾਰਟੀ ਦੀ ਡਿਪਟੀ ਨੇਤਾ ਬਰੁੱਕ ਵੈਨ ਵੈਲਡਨ ਆਪਣੀ ਪਾਰਟੀ ਦੇ ਲਈ ‘ਇੱਛਾ ਮੁੱਕਤੀ’ ਦੇ ਜਨਮੱਤ ਉਤੇ ਕੰਮ ਕਰ ਰਹੀ ਸੀ। ਇਸਦੀ ਉਮਰ ਸਿਰਫ 27 ਸਾਲ ਹੈ। ਨਾਰਥ ਸ਼ੋਰ ਦੀ ਇਹ ਜੰਮਪਲ ਹੈ। ਇਸਨੇ ਪਾਰਟੀ ਦੀ ਮੈਂਟਲ ਹੈਲਥ ਪਾਲਿਸੀ ਲਿਖੀ ਸੀ ਅਤੇ ਸਿਹਤ ਮਹਿਕਮਾ ਹੁਣ ਤੱਕ ਉਸ ਨੀਤੀ ਉਤੇ 2 ਬਿਲੀਅਨ ਖਰਚਾ ਕਰ ਚੁੱਕਾ ਹੈ।
ਪਹਿਲਾ ਅਫਰੀਕਨ ਸਾਂਸਦ.: ਇਬਰਾਹੀਮ ਓਮਰ ਪਹਿਲਾ ਅਫਰੀਕਨ ਹੈ ਜੋ ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿਚ ਪਹੁੰਚਿਆ ਹੈ। ਨਿਊਜ਼ੀਲੈਂਡ ਦੇ ਵਿਚ ਸਾਂਸਦ ਬਨਣ ਵਾਲਾ ਇਹ ਦੂਜਾ ਸ਼ਰਨਾਰਥੀ ਹੈ। ਇਹ ਰਿਫਿਊਜ਼ੀ ਕੈਂਪ ਦੇ ਵਿਚ ਦੁਭਾਸ਼ੀਆ ਦਾ ਕੰਮ ਕਰਦਾ ਸੀ ਪਰ ਜਾਸੂਸ ਦਾ ਸ਼ੱਕੀ ਪਾਏ ਜਾਣ ਉਤੇ ਇਸ ਨੂੰ ਫੜ ਲਿਆ ਗਿਆ ਸੀ। ਯੂਨਾਈਟਿਡ ਨੇਸ਼ਨ ਨੇ ਵਿਚ ਪੈ ਕੇ ਇਸ ਨੂੰ ਨਿਊਜ਼ੀਲੈਂਡ ਭੇਜ ਦਿੱਤਾ ਸੀ। ਇਹ ਵਲਿੰਗਟਨ ਵਿਖੇ ਵਿਕਟੋਰੀਆ ਯੂਨੀਵਰਸਿਟੀ ਵਿਚ ਇਕ ਸਫਾਈ ਕਰਮਚਾਰੀ ਵਜੋਂ ਕੰਮ  ਕਰਦਾ ਸੀ ਅਤੇ ਇਸਨੇ ਫੁੱਲ ਟਾਈਮ ਪੜ੍ਹਾਈ ਵੀ ਕੰਮ ਕਰਦੇ-ਕਰਦੇ ਉਥੇ ਹੀ ਕਰ ਲਈ।
ਪਹਿਲੀ ਸ੍ਰੀਲੰਕਨ ਕੁੜੀ ਸਾਂਸਦ ਬਣੀ.: ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿਚ ਪਹੁੰਚਣ ਵਾਲੀ ਪਹਿਲੀ ਸ੍ਰੀ ਲੰਕਨ ਕੁੜੀ ਵਾਨੁਸ਼ੀ ਵਾਲਟਰਜ਼ (ਹਲਕਾ ਅਪਰ ਹਾਰਬਰ) ਨੇ ਇਤਿਹਾਸ ਸਿਰਜ ਦਿੱਤਾ ਹੈ। ਇਹ ਕੁੜੀ ਯੂਥਲਾਅ ਦੀ ਸਾਬਕਾ ਜਨਰਲ ਮੈਨੇਜਰ ਰਹੀ ਹੈ। 5 ਸਾਲ ਦੀ ਉਮਰ ਵਿਚ ਇਹ ਇਥੇ ਆਈ ਸੀ। ਔਕਲੈਂਡ ਯੂਨੀਵਰਸਿਟੀ ਤੋਂ ਇਸਨੇ ਪੜ੍ਹਾਈ ਪੂਰੀ ਕੀਤੀ ਅਤੇ ਯੂਥ ਲਾਅ ਦੇ ਵਿਚ 2018 ਤੱਕ ਕੰਮ ਕੀਤਾ। ਹਿਊਮਨ ਰਾਈਟਸ ਕਮਿਸ਼ਨ ਦੀ ਉਹ ਸੀਨੀਅਰ ਮੈਨੇਜਰ ਵੀ ਰਹੀ ਹੈ। ਇਸਦੇ ਤਿੰਨ ਬੇਟੇ ਹਨ।
ਪਹਿਲਾ ਲੈਟਿਨ ਅਮਰੀਕਨ ਸਾਂਸਦ ਬਣਿਆ: ਨਿਊਜ਼ੀਲੈਂਡ ਦੇ ਵਿਚ ਇਹ 2006 ਦੇ ਵਿਚ ਆਇਆ ਇਹ 32 ਸਾਲਾ ਨੌਜਵਾਨ ਰਿਕਾਰਡੋ ਮੈਨੇਡਜ਼ ਮਾਰਚ ਗ੍ਰੀਨ ਪਾਰਟੀ ਦੀ ਲਿਸਟ ਉਤੇ 10ਵੇਂ ਨੰਬਰ ਉਤੇ ਸੀ। ਇਹ ਇਕ ਐਡਵੋਕੇਟ ਹੈ। ਲੇਬਰ ਪਾਰਟੀ ਦੀਆਂ ਕਈ ਨੀਤੀਆਂ ਦਾ ਇਹ ਵਿਰੋਧ ਕਰਦਾ ਰਿਹਾ ਹੈ।


Share