ਨਿਊਜ਼ੀਲੈਂਡ ‘ਚ ਆਮ ਚੋਣਾਂ ਦੇ ਦੋ ਹਫਤਿਆਂ ਬਾਅਦ ਨਤੀਜੇ ਸਪੱਸ਼ਟ ਨਹੀਂ

ਵੇਲਿੰਗਟਨ, 7 ਅਕਤੂਬਰ (ਪੰਜਾਬ ਮੇਲ)- ਨਿਊਜ਼ੀਲੈਂਡ ਵਿਚ ਆਮ ਚੋਣਾਂ ਦੇ ਦੋ ਹਫਤਿਆਂ ਬਾਅਦ ਨਤੀਜੇ ਸਪੱਸ਼ਟ ਨਹੀਂ ਹਨ, ਕਿਉਂਕਿ ਡਾਕ ਅਤੇ ਪ੍ਰਵਾਸੀ ਵੋਟਾਂ ਦੀ ਗਿਣਤੀ ਤੋਂ ਬਾਅਦ ਵੀ ਕਿਸੇ ਦਲ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਅਜਿਹੀ ਸਥਿਤੀ ਵਿਚ ਸੰਸਦ ਮੈਂਬਰ ਵਿੰਸਟਨ ਪੀਟਰਸ ‘ਕਿੰਗ ਮੇਕਰ’ ਦੀ ਭੂਮਿਕਾ ਵਿਚ ਨਜ਼ਰ ਆ ਰਹੇ ਹਨ। ਅਧਿਕਾਰਤ ਚੋਣ ਨਤੀਜੇ ਮੁਤਾਬਕ ਕੋਈ ਵੀ ਪਾਰਟੀ ਦੇਸ਼ ਦੀ 120 ਮੈਂਬਰੀ ਸੰਸਦ ‘ਚ ਸਰਕਾਰ ਬਣਾਉਣ ਲਈ ਜ਼ਰੂਰੀ 61 ਸੀਟਾਂ ਦੇ ਜਾਦੂਈ ਅੰਕੜੇ ਤੱਕ ਨਹੀਂ ਪਹੁੰਚ ਸਕੀ।
ਪ੍ਰਧਾਨ ਮੰਤਰੀ ਬਿਲ ਇੰਗਲਿਸ਼ ਦੀ ਪਾਰਟੀ ਕੰਜ਼ਰਵੇਟਿਵ ਨੈਸ਼ਨਲ ਪਾਰਟੀ 56 ਸੀਟਾਂ ‘ਤੇ ਹੀ ਸਿਮਟ ਗਈ। ਲੇਬਰ ਪਾਰਟੀ ਨੂੰ 46 ਅਤੇ ਗਰੀਨ ਪਾਰਟੀ 8 ਸੀਟਾਂ ਮਿਲੀ ਹਨ। ਦੋਹਾਂ ਦਾ ਗਠਜੋੜ ਨੈਸ਼ਨਲ ਪਾਰਟੀ ਤੋਂ 2 ਸੀਟਾਂ ਪਿੱਛੇ ਹੈ। ਅਜਿਹੇ ਵਿਚ ਸਰਕਾਰ ਬਣਾਉਣ ਦੀ ਚਾਬੀ ਸੰਸਦ ਮੈਂਬਰ ਵਿੰਸਟਨ ਪੀਟਰਸ ਦੇ ਹੱਥਾਂ ਵਿਚ ਆ ਗਈ ਹੈ, ਜਿਨ੍ਹਾਂ ਦੀ ਨਿਊਜ਼ੀਲੈਂਡ ਫਰਸਟ ਪਾਰਟੀ ਨੂੰ 9 ਸੀਟਾਂ ਮਿਲੀਆਂ ਹਨ। ਪੀਟਰ ਇਸ ਤੋਂ ਪਹਿਲਾਂ ਦੋਹਾਂ ਮੁੱਖ ਦਲਾਂ ਨੂੰ ਆਪਣਾ ਸਮਰਥਨ ਦੇ ਚੁੱਕੇ ਹਨ। 1996 ਵਿਚ ਉਨ੍ਹਾਂ ਨੇ ਨੈਸ਼ਨਲ ਪਾਰਟੀ ਅਤੇ 2005 ‘ਚ ਲੇਬਰ ਪਾਰਟੀ ਦਾ ਸਮਰਥਨ ਕੀਤਾ ਸੀ।