ਨਿਊਜ਼ੀਲੈਂਡ ‘ਚ ਅੱਜ ਰਾਤ 12 ਵਜੇ ਤੋਂ ਬਾਹਰ ਜਾ ਕੇ ਵਾਪਿਸ ਪਰਤਣ ‘ਤੇ ਦੇਣਾ ਹੋਏਗਾ ਏਕਾਂਤਵਾਸ ਦਾ ਖਰਚਾ

234
Share

ਏਕਾਂਤਵਾਸ ਚਰਚਾ ਹੁਣ ਲੱਗੇਗਾ ਖਰਚਾ
ਔਕਲੈਂਡ, 10 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਸਰਕਾਰ ਨੇ ਅੱਜ ਇਕ ਬਿਲ ਆਖਰੀ ਗੇੜ ਵਿਚ ਪਾਸ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਜੇਕਰ ਕੋਈ ਕਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਤੋਂ ਬਾਹਰ ਜਾ ਕੇ ਵਾਪਿਸ ਆਉਂਦਾ ਹੈ ਤਾਂ ਵਾਪਿਸੀ ਉਤੇ ਉਸਨੂੰ 3100 ਡਾਲਰ ਦਾ ਖਰਚਾ ਸਰਕਾਰ ਨੂੰ ਦੇਣਾ ਹੋਵੇਗਾ ਜੋ ਕਿ ਉਸਦੇ ਏਕਾਂਤਵਾਸ ਦੀ ਲਾਗਤ ਪੂਰੀ ਕਰਨ ਵਾਸਤੇ ਹੋਣਗੇ। ਇਸ ਤੋਂ ਇਲਾਵਾ ਜੇਕਰ ਕੋਈ ਬਾਰਡਰ ਬੰਦ ਹੋਣ ਦੇ ਬਾਅਦ ਯਾਨਿ ਕਿ 19 ਮਾਰਚ ਤੋਂ ਬਾਅਦ ਵਿਚ ਗਿਆ ਹੈ ਤਾਂ ਵੀ ਖਰਚਾ ਦੇਣਾ ਹੋਵੇਗਾ। ਦੇਸ਼ ਦੀ ਹਾਊਸਿੰਗ ਮੰਤਰੀ ਨੇ ਅੱਜ ਇਸਦਾ ਐਲਾਨ ਕੀਤਾ ਹੈ। ਇਹ ਖਰਚਾ ਦੇਸ਼ ਦੇ ਨਾਗਰਿਕਾਂ ਦੇ ਹੱਕਾਂ ਦਾ ਖਿਆਲ ਰੱਖਦਿਆਂ ਘੱਟ ਰੱਖਿਆ ਜਾ ਰਿਹਾ ਹੈ ਕਿਉਂਕ ਏਕਾਂਤਵਾਸ ਦਾ ਖਰਚਾ ਇਸ ਤੋਂ ਕਿਤੇ ਜਿਆਦਾ ਆਉਂਦਾ ਹੈ। ਕੁਝ ਹਾਲਤਾਂ ਦੇ ਵਿਚ ਇਹ ਖਰਚਾ ਮਾਫ ਵੀ ਕੀਤਾ ਜਾਵੇਗਾ ਜਿਸ ਦੇ ਲਈ ਕੇਸ ਪ੍ਰਤੀ ਕੇਸ ਸਬੰਧਿਤ ਮੰਤਰਾਲਾ ਨਜ਼ਰਸਾਨੀ ਕਰੇਗਾ। ਜਿਹੜੇ ਦੇਸ਼ ਦੇ ਨਾਗਰਿਕ ਅਤੇ ਪੱਕੇ ਵਸਨੀਕ ਪਹਿਲਾਂ ਹੀ ਦੇਸ਼ ਤੋਂ ਬਾਹਰ ਹਨ ਉਨ੍ਹਾਂ ਨੂੰ ਵਾਪਿਸੀ ਉਤੇ ਇਹ ਖਰਚਾ ਅਜੇ ਨਹੀਂ ਦੇਣਾ ਪਵੇਗਾ ਜੇਕਰ ਉਹ ਪੱਕੇ ਤੌਰ ‘ਤੇ ਵਾਪਿਸ ਆ ਰਹੇ ਹਨ। ਜਿਹੜੇ ਲੋਕ ਅਸਥਾਈ ਵੀਜੇ ਉਤੇ ਸਨ ਅਤੇ 19 ਮਾਰਚ ਤੋਂ ਪਹਿਲਾਂ ਨਿਊਜ਼ੀਲੈਂਡ ਵਿਚ ਰਹਿੰਦਿਆਂ ਹੋਇਆ ਬਾਹਰ ਗਏ ਸਨ ਉਨ੍ਹਾਂ ਨੂੰ ਵਾਪਿਸੀ ਉਤੇ ਖਰਚਾ ਨਹੀਂ ਦੇਣਾ ਪਵੇਗਾ।
ਨਿਊਜ਼ੀਲੈਂਡਰ ਜਿਹੜੇ 90 ਦਿਨਾਂ ਤੋਂ ਘੱਟ ਸਮੇਂ ਲਈ ਆਪਣੇ ਦੇਸ਼ ਰਹਿਣ ਲਈ ਆਉਣਗੇ ਉਨ੍ਹਾਂ ਨੂੰ ਵੀ ਖਰਚਾ ਦੇਣਾ ਪਵੇਗਾ ਅਤੇ ਜਿਹੜੇ ਲੋਕ ਅੱਜ ਰਾਤ 12 ਵਜੇ ਕਾਨੂੰਨ ਦੇ ਅਮਲ ਵਿਚ ਆਉਣ ਬਾਅਦ  ਦੇਸ਼ ਤੋਂ ਬਾਹਰ ਜਾ ਕੇ ਵਾਪਿਸ ਆਉਣਗੇ ਤਾਂ ਉਨ੍ਹਾਂ ਨੂੰ ਆਈਸੋਲੇਸ਼ਨ ਅਤੇ ਕੁਆਰਨਟਾਈਨ ਦਾ ਖਰਚਾ ਦੇਣਾ ਪਵੇਗਾ। ਜੇਕਰ ਉਨ੍ਹਾਂ ਕੋਲ ਛੋਟ ਹੈ ਤਾਂ ਬਚਾਅ ਹੋ ਸਕੇਗਾ।
ਇਹ ਏਕਾਂਤਵਾਸ ਰੱਖਣ ਦਾ ਖਰਚਾ ਅਸਲ ਖਰਚੇ ਦੇ ਅੱਧ ਤੋਂ ਵੀ ਘੱਟ 3100 ਡਾਲਰ ਰੱਖਿਆ ਗਿਆ ਹੈ। ਜੇਕਰ ਹੋਟਲ ਦਾ ਕਮਰਾ ਕੋਈ ਬੱਚੇ ਨਾਲ ਸਾਂਝੇ ਰੂਪ ਵਿਚ ਲਿਆ ਜਾਂਦਾ ਹੈ ਤਾਂ 475 ਡਾਲਰ ਵੱਖਰੇ ਹੋਣਗੇ ਜੇਕਰ ਕਮਰੇ ਦੇ ਵਿਚ ਦੂਜਾ ਬਾਲਗ ਉਮਰ ਦਾ ਰਹੇਗਾ ਤਾਂ 950 ਡਾਲਰ ਦਾ ਵੱਖਰਾ ਖਰਚਾ (ਟੈਕਸ ਸਮੇਤ) ਹੋਰ ਦੇਣਾ ਹੋਵੇਗਾ। ਸੋ ਚਰਚਾ ਵਿਚ ਰਹਿੰਦੀ 14 ਦਿਨਾਂ ਦੀ ਏਕਾਂਤਵਾਸ ਹੁਣ ਚੁੱਪ ਨਹੀਂ ਰਹੇਗੀ ਸਗੋਂ ਠੋਕ ਵਜਾ ਕੇ ਖਰਚਾ ਲਏਗੀ।


Share