ਨਿਊਯਾਰਕ ਸਟੇਟ ਅਸੈਂਬਲੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਪ੍ਰਕਾਸ਼ ਦਿਹਾੜੇ ਨੂੰ ਦਿੱਤੀ ਮਾਨਤਾ

60
Share

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਵਜੋਂ ਅਮਰੀਕੀ ਢੰਗ ਨਾਲ ਮਾਨਤਾ ਦਿੱਤੀ ਗਈ

ਨਿਊਯਾਰਕ, 18 ਨਵੰਬਰ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਜੱਗ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 345ਵਾਂ ਸ਼ਹੀਦੀ ਦਿਹਾੜਾ ਅਤੇ 400ਵਾਂ ਜਨਮ ਦਿਹਾੜਾ ਵਰਲਡ ਸਿੱਖ ਪਾਰਲੀਮੈਂਟ ਤੇ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਨਿਊਯਾਰਕ ‘ਚ ਮਨਾਇਆ ਗਿਆ। ਇਸ ਸ਼ਾਨਦਾਰ ਸ਼ਰਧਾ ਭਰਪੂਰ ਮੌਕੇ ਉਤੇ ਨਿਊਯਾਰਕ ਦੇ ਸਟੇਟ ਅਸੈਂਬਲੀ ਅਤੇ ਨਿਊਯਾਰਕ ਸਿਟੀ ਦੇ ਅਫਸਰਾਂ ਵੱਲੋਂ ਹਿੱਸਾ ਲਿਆ ਗਿਆ ਅਤੇ ਉਨ੍ਹਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਵਜੋਂ ਅਮਰੀਕੀ ਢੰਗ ਨਾਲ ਮਾਨਤਾ ਦਿੱਤੀ ਗਈ। ਨਿਊਯਾਰਕ ਵਿਧਾਨ ਸਭਾ ਦੀ ਕੈਟਾਲੀਨਾ ਕਰੂਜ਼ ਨੇ ਇਸ ਮੌਕੇ ਉਤੇ ਸਰਕਾਰੀ ਐਲਾਨਨਾਮਾ ਪੜ੍ਹਿਆ, ਜਿਸ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਸੱਚ, ਮਨੁੱਖੀ ਅਧਿਕਾਰਾਂ ਅਤੇ ਇਨਸਾਫ ਲਈ ਕੀਤੀ ਕੁਰਬਾਨੀ ਨੂੰ ਮਾਨਤਾ ਦਿੱਤੀ ਗਈ ਹੈ। ਕੈਟਾਲੀਨਾ ਕਰੂਜ਼ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ, ਅਮਰੀਕਨ ਸਿੱਖ ਕਾਕਸ ਕਮੇਟੀ ਤੇ ਵਰਲਡ ਸਿੱਖ ਪਾਰਲੀਮੈਂਟ ਵਰਗੀਆਂ ਸਮੂਹ ਸਿੱਖ ਜਥੇਬੰਦੀਆਂ ਦੁਆਰਾ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਚੱਲ ਰਹੇ ਭਲਾਈ ਕਾਰਜਾਂ ਨੂੰ ਵੀ ਸਰਕਾਰੀ ਤੌਰ ‘ਤੇ ਮਾਨਤਾ ਦਿੱਤੀ। ਕੈਟਾਲੀਨਾ ਕਰੂਜ਼ ਨੇ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਨਿਊਯਾਰਕ ਸਟੇਟ ਅਸੈਂਬਲੀ ‘ਚ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਨੂੰ ਸਦੀਵੀ ਮਾਨਤਾ ਦੇਣ ਲਈ ਇੱਕ ਮਤਾ ਲਿਆਂਦਾ ਜਾਵੇਗਾ। ਉਨ੍ਹਾਂ ਵੱਲੋਂ ਗੁਰੂ ਸਾਹਿਬ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਵਚਨਬੱਧਤਾ ਦੇ ਦਿਨ ਵਜੋਂ ਮਨਾਉਣ ਲਈ ਵੀ ਹਾਮੀ ਭਰੀ ਗਈ ।
ਇਸ ਮੌਕੇ ਨਿਊਯਾਰਕ ਵਿਧਾਨ ਸਭਾ ਨਾਲ ਸੰਬੰਧਤ ਜੈਸਿਕਾ ਗੋਂਜ਼ਲੇਜ਼-ਰੋਜਸ, ਡੋਨੋਵਾਨ ਰਿਚਰਡਜ਼ ਕੁਈਨਜ਼ ਦੇ ਬੋਰੋ ਦੇ ਪ੍ਰਧਾਨ, ਜ਼ੋਹਰਾਨ ਮਮਦਾਨੀ ਅਤੇ ਫੂਡ ਪੈਂਟਰੀ ਨਾਲ ਸੰਬੰਧਤ ਡੈਨੀਅਲ ਨੇ ਵੀ ਸ਼ਿਰਕਤ ਕੀਤੀ ਅਤੇ ਅਮਰੀਕੀ ਸਿੱਖਾਂ ਵੱਲੋਂ ਮਨੁੱਖੀ ਅਧਿਕਾਰਾਂ ਤੇ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ, ਅਮਰੀਕਨ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਤੇ ਡਾ. ਅਮਰਜੀਤ ਸਿੰਘ ਨੇ ਨਿਊਯਾਰਕ ਵਿਧਾਨ ਸਭਾ ਦੇ ਸਮੁੱਚੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕੋਰੋਨਾਵਾਇਰਸ ਮਹਾਂਮਾਰੀ ਖ਼ਿਲਾਫ਼ ਚੱਲ ਰਹੀ ਵੱਡੀ ਜੱਦੋ-ਜਹਿਦ ਨੂੰ ਜਾਰੀ ਰੱਖਣ ਵਾਸਤੇ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ।
ਇਥੇ ਇਹ ਵਰਨਣਯੋਗ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਪ੍ਰਕਾਸ਼ ਦਿਹਾੜੇ ਨੂੰ ਨਿਊਯਾਰਕ ਦੀ ਵਿਧਾਨ ਸਭਾ ਤੋਂ ਅਧਿਕਾਰਕ ਮਾਨਤਾ ਦਿਵਾਉਣ ‘ਚ ਹਿੰਮਤ ਸਿੰਘ ਦਾ ਖ਼ਾਸ ਯੋਗਦਾਨ ਰਿਹਾ। ਇਸ ਸੰਬੰਧੀ ਗੱਲ ਕਰਦਿਆਂ ਹਿੰਮਤ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹਰ ਸਿੱਖ ਨੂੰ ਮਨੁੱਖੀ ਅਧਿਕਾਰਾਂ ਤੇ ਇਨਸਾਫ਼ ਲਈ ਜੂਝਦੇ ਰਹਿਣਾ ਸਿਖਾਉਂਦੀ ਹੈ। ਡਾ. ਅਮਰਜੀਤ ਸਿੰਘ ਨੇ ਇਤਿਹਾਸਿਕ ਹਵਾਲੇ ਦਿੰਦੇ ਹੋਏ ਰਾਜਨੀਤਿਕ ਤੌਰ ‘ਤੇ ਸਰਗਰਮ ਰਹਿਣ ਦੀ ਮਹੱਤਤਾ ਨੂੰ ਉਭਾਰਿਆ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਵੀ ਇਸ ਮੁਬਾਰਕ ਦਿਹਾੜੇ ਨੂੰ ਮਾਨਤਾ ਦੇਣੀ ਚਾਹੀਦੀ ਹੈ। ਪੰਥਕ ਜਥੇਬੰਦੀਆਂ ਦੇ ਸਿੱਖ ਆਗੂਆਂ ਨੇ ਅਮਰੀਕੀ ਰਾਜਨੀਤਿਕ ਤੇ ਸਰਕਾਰੀ ਅਧਿਕਾਰੀਆਂ ਦਾ ਇਸ ਕਾਰਜ ਵਾਸਤੇ ਧੰਨਵਾਦ ਕੀਤਾ।


Share