ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

ਨਿਊਯਾਰਕ, 21 ਮਈ (ਪੰਜਾਬ ਮੇਲ)- ਨਿਊਯਾਰਕ ਪੁਲਿਸ ਵਿਭਾਗ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਗੁਰਸੋਚ ਕੌਰ ਨੂੰ ਸਹਾਇਕ ਅਧਿਕਾਰੀ ਵਜੋਂ ਤਾਇਨਾਤ ਕੀਤਾ ਗਿਆ ਹੈ। ਉਸ ਦੀ ਨਿਯੁਕਤੀ ਨਾਲ ਸਿੱਖੀ ਨੂੰ ਬਿਹਤਰ ਢੰਗ ਨਾਲ ਸਮਝਣ ‘ਚ ਸਹਾਇਤਾ ਮਿਲਣ ਦੀ ਆਸ ਹੈ। ਪਿਛਲੇ ਹਫ਼ਤੇ ਨਿਊਯਾਰਕ ਸਿਟੀ ਪੁਲਿਸ ਅਕੈਡਮੀ ‘ਚੋਂ ਗਰੈਜੂਏਟ ਹੋਣ ਮਗਰੋਂ ਗੁਰਸੋਚ ਕੌਰ ਪੁਲਿਸ ਵਿਭਾਗ ‘ਚ ਅਗਜ਼ਿਲਰੀ ਪੁਲਿਸ ਆਫਿਸਰ (ਏ.ਪੀ.ਓ.) ਵਜੋਂ ਸ਼ਾਮਲ ਹੋਵੇਗੀ। ਸਿੱਖ ਆਫ਼ਿਸਰਜ਼ ਐਸੋਸੀਏਸ਼ਨ ਨੇ ਟਵੀਟ ਕਰਕੇ ਗੁਰਸੋਚ ਕੌਰ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ। ਐਸੋਸੀਏਸ਼ਨ ਨੇ ਫੇਸਬੁੱਕ ‘ਤੇ ਕਿਹਾ ਕਿ ਉਨ੍ਹਾਂ ਨੂੰ ਗੁਰਸੋਚ ਕੌਰ ਦੇ ਪੁਲਿਸ ਵਿਭਾਗ ‘ਚ ਅਧਿਕਾਰੀ ਬਣਨ ‘ਤੇ ਮਾਣ ਹੈ। ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਆਸ ਜਤਾਈ ਕਿ ਦਸਤਾਰਧਾਰੀ ਮਹਿਲਾ ਅਧਿਕਾਰੀ ਅਮਰੀਕਾ ‘ਚ ਸਿੱਖੀ ਨੂੰ ਬਿਹਤਰ ਤਰੀਕੇ ਨਾਲ ਸਮਝਾਉਣ ‘ਚ ਸਹਾਇਤਾ ਕਰੇਗੀ। ਸ਼੍ਰੀ ਪੁਰੀ ਨੇ ਟਵੀਟ ਕਰਕੇ ਕਿਹਾ, ”ਜਿਹੜੀਆਂ ਘਟਨਾਵਾਂ 2010 ‘ਚ ਮੇਰੇ ਨਾਲ ਅਤੇ ਹੁਣੇ ਜਿਹੇ ਕੈਨੇਡਾ ਦੇ ਮੰਤਰੀ ਨਵਦੀਪ ਬੈਂਸ ਨਾਲ ਵਾਪਰੀਆਂ ਹਨ, ਉਹ ਮੁੜ ਨਹੀਂ ਵਾਪਰਨਗੀਆਂ। ਗੁਰਸੋਚ ਕੌਰ ਦੀ ਨਿਯੁਕਤੀ ਨਾਲ ਅਮਰੀਕਾ ‘ਚ ਸਿੱਖਾਂ ਬਾਰੇ ਗਲਤ ਧਾਰਨਾਵਾਂ ਖ਼ਤਮ ਹੋ ਜਾਣਗੀਆਂ। ਸਿੱਖ ਤਾਂ ਇਕਸੁਰਤਾ ਦੇ ਸਫ਼ੀਰ ਹਨ।”