ਫਰਿਜ਼ਨੋ (ਕੈਲੀਫੋਰਨੀਆਂ), 24 ਦਸੰਬਰ, (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਯੋਂਕਰਸ ਵਿੱਚ ਮੰਗਲਵਾਰ ਦੀ ਰਾਤ ਨੂੰ ਦੋ ਕਾਰਾਂ ਵਿਚਕਾਰ ਹੋਈ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋਣ ਦਾ ਹਾਦਸਾ ਵਾਪਰਿਆ ਹੈ।ਪੁਲਿਸ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਰਾਤ ਦੇ ਤਕਰੀਬਨ 9:30 ਵਜੇ ਕਲਵਰ ਸਟ੍ਰੀਟ ਨੇੜੇ ਰਿਵਰਡੇਲ ਐਵੇਨਿਊ ‘ਤੇ ਹੋਇਆ।ਇਸ ਹਾਦਸੇ ਵਿੱਚ ਇੱਕ ਤੇਜ਼ ਰਫਤਾਰ ਕਾਰ ਨੇ ਇੱਕ ਹੋਰ ਵਾਹਨ ਜਿਸ ਵਿੱਚ ਚਾਰ ਲੋਕ ਸਵਾਰ ਸਨ, ਨਾਲ ਟਕਰਾ ਗਈ ਅਤੇ ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੂਜੀ ਕਾਰ ਟੁਕੜਿਆਂ ਵਿੱਚ ਵੰਡੀ ਗਈ।ਇਸ ਘਟਨਾ ਵਿੱਚ ਇੱਕ ਕਾਰ ਦੇ ਚਾਰਾਂ ਵਿਅਕਤੀਆਂ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਦੂਜੀ ਕਾਰ ਦੇ ਡਰਾਈਵਰ ਨੂੰ ਜੈਕੋਬੀ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਉਸਦੀ ਵੀ ਮੌਤ ਹੋ ਗਈ ਸੀ।ਪੁਲਿਸ ਦੇ ਅਨੁਸਾਰ ਇਸ ਟੱਕਰ ਦੀ ਚਪੇਟ ਵਿੱਚ ਆਏ ਕਈ ਹੋਰ ਲੋਕਾਂ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਹਾਲਾਂਕਿ ਉਨ੍ਹਾਂ ਦੀਆਂ ਸੱਟਾਂ ਜ਼ਿਆਦਾ ਗੰਭੀਰ ਨਹੀਂ ਸਨ।ਸਥਾਨਕ ਪੁਲਿਸ ਵੱਲੋਂ ਇਸ ਕਾਰ ਹਾਦਸੇ ਸੰਬੰਧੀ ਜਾਂਚ ਸ਼ੁਰੂ ਕੀਤੀ ਗਈ ਹੈ।