ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਵਾਸ਼ਿੰਗਟਨ, 23 ਜੂਨ (ਪੰਜਾਬ ਮੇਲ)- ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਤੇ ਕਾਲਮਨਵੀਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ, ਹਾਲਾਂਕਿ ਰਾਸ਼ਟਰਪਤੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਇਨ੍ਹਾਂ ਨੂੰ ਫਰਜ਼ੀ ਖ਼ਬਰ ਦੱਸਿਆ ਹੈ।
ਈ. ਜੀਨ ਕੈਰੋਲ ਨੇ ਨਵੀਂ ਕਿਤਾਬ ‘ਵ੍ਹੱਟ ਡੂ ਵੀ ਨੀਡ ਮੈਨ ਫਾਰ?’ ’ਚ ਲਿਖਿਆ ਹੈ ਕਿ ਕਰੀਬ ਦੋ ਦਹਾਕੇ ਪਹਿਲਾਂ 1990ਵਿਆਂ ’ਚ ਡੋਨਲਡ ਟਰੰਪ ਨੇ ਨਿਊਯਾਰਕ ਦੇ ਬੈਗਰਡੌਰਫ ਗੁਡਮੈਨ ਡਿਪਾਰਟਮੈਂਟ ਸਟੋਰ ’ਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਇਸ ਕਿਤਾਬ ਦੇ ਅੰਸ਼ ਸਭ ਤੋਂ ਪਹਿਲਾਂ ‘ਨਿਊਯਾਰਕ’ ਮੈਗਜ਼ੀਨ ਦੀ ਵੈੱਬਸਾਈਟ ’ਤੇ ਪ੍ਰਕਾਸ਼ਿਤ ਹੋਏ ਸਨ। ਕੈਰੋਲ ਹਾਲਾਂਕਿ ਪੁਸਤਕ ਦੇ ਪ੍ਰਕਾਸ਼ਿਤ ਅੰਸ਼ ’ਚ ਟਰੰਪ ਦਾ ਨਾਂ ਨਹੀਂ ਲੈ ਰਹੀ, ਪਰ ਇਸ ਦੀ ਹੈੱਡਲਾਈਨ ’ਚ ਉਨ੍ਹਾਂ ਦਾ ਨਾਂ ਜ਼ਰੂਰ ਹੈ। ਇਹ ਹੈਡਲਾਈਨ ਹੈ ‘ਘਟੀਆ ਆਦਮੀ ਡੋਨਲਡ ਟਰੰਪ ਨੇ 23 ਸਾਲ ਪਹਿਲਾਂ ਬੈਗਰਡੌਰਫ ਗੁਡਮੈਟ ਡਿਪਾਪਰਟਮੈਂਟ ਸਟੋਰ ’ਚ ਮੇਰਾ ਜਿਨਸੀ ਸ਼ੋਸ਼ਣ ਕੀਤਾ, ਪਰ ਮੇਰੇ ਜੀਵਨ ਦੇ ਖਰਾਬ ਮਰਦਾਂ ਦੀ ਸੂਚੀ ’ਚ ਉਹ ਇਕੱਲੇ ਹੀ ਨਹੀਂ ਹਨ।’ ਲੰਮਾ ਸਮਾਂ ‘ਐਲੇ’ ਮੈਗਜ਼ੀਨ ’ਚ ਕਾਲਮਨਵੀਸ ਰਹੀ 75 ਸਾਲਾ ਕੈਰੋਲ ਸਮੇਤ 16 ਮਹਿਲਾਵਾਂ ਨੇ ਪਿਛਲੇ ਕੁਝ ਦਹਾਕਿਆਂ ’ਚ ਟਰੰਪ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਇਨ੍ਹਾਂ ’ਚੋਂ ਵਧੇਰੇ ਦੋਸ਼ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਲਗਾਏ ਗਏ ਸੀ। ਦੂਜੇ ਪਾਸੇ ਟਰੰਪ ਨੇ ਕਿਹਾ ਉਹ ਕੈਰੋਲ ਨੂੰ ਕਦੀ ਨਹੀਂ ਮਿਲੇ। ਉਹ ਬੱਸ ਆਪਣੀਆਂ ਕਿਤਾਬਾਂ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ।